ਪਰਸ਼ੋਤਮ ਬੱਲੀ
ਬਰਨਾਲਾ, 10 ਜੂਨ
ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾਈ ਸੱਦੇ ‘ਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ‘ਪਾਣੀ ਬਚਾਓ-ਖੇਤੀ ਬਚਾਓ,ਪਿੰਡਾਂ ਨੂੰ ਜਗਾਓ’ ਮੁਹਿੰਮ ਤਹਿਤ 5 ਰੋਜ਼ਾ ਮੋਰਚੇ ਨੂੰ ਅੱਜ ਸਮਾਪਤ ਕਰ ਦਿੱਤਾ। ਜਥੇਬੰਦੀ ਨੇ ਕਿਹਾ ਕਿ ਛੇਤੀ ਹੀ ਭਰਾਤਰੀ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਅੰਦੋਲਨ ਤਿੱਖਾ ਕੀਤਾ ਜਾਵੇਗਾ। ਮੁਹਿੰਮ ਦੇ ਅੱਜ ਅਖੀਰਲੇ ਦਿਨ ਵੱਖ-ਵੱਖ ਥਾਈਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਪਾਣੀ ਵੇਚਣ ‘ਤੇ ਦਸਤਖ਼ਤ ਕੀਤੇ ਗਏ ਹਨ। ਸੰਸਾਰ ਬੈਂਕ ਵੱਲੋਂ ਲੁਧਿਆਣਾ,ਅੰਮਿ੍ਤਸੁਰ, ਮੋਗਾ ਤੇ ਬਰਨਾਲਾ ਜ਼ਿਲ੍ਹਿਆਂ’ਤੇ ਕਥਿਤ ਕਬਜ਼ਾ ਕਰ ਲਿਆ ਹੈ। ਧਰਤੀ ਹੇਠਲਾ ਪਾਣੀ ਘੱਟ ਰਿਹਾ ਤੇ ਉਦਯੋਗਾਂ ਰਾਹੀਂ ਪਲੀਤ ਹੋ ਰਿਹਾ ਹੈ। ਪੰਜਾਬ ਦੇ ਸਰਕਾਰੀ ਜਾਂ ਪ੍ਰਾਈਵੇਟ ਕਾਰਖਾਨੇ ਆਪਣਾ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਦਰਿਆਵਾਂ ਵਿਚ ਸੁੱਟ ਰਹੇ ਹਨ। ਪੰਜਾਬ ਦੇ 14 ਥਰਮਲ ਪਾਵਰ ਪਲਾਂਟਾਂ ਵਿੱਚੋਂ ਕੁੱਲ ਕੋਲੇ ਦੀ 25 ਫੀਸਦ ਯੂਰੇਨੀਅਮ ਮਿਲੀ ਸੁਆਹ ਵਾਤਾਵਰਨ ਨੂੰ ਵੱਖ ਪ੍ਰਦੂਸ਼ਿਤ ਕਰ ਰਹੀ ਹੈ।
ਆਗੂਆਂ ਨੇ ਚਿਤਾਵਨੀ ਦਿੱਤੀ ਜੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਪ੍ਰਚੰਡ ਕੀਤਾ ਜਾਵੇਗਾ। ਬੁਲਾਰਿਆਂ ‘ਚ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਦਰਸ਼ਨ ਸਿੰਘ ਭੈਣੀ ਮਹਿਰਾਜ, ਭਗਤ ਸਿੰਘ ਛੰਨਾ, ਬਲਾਕ ਆਗੂ ਬਲੌਰ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ, ਸੁਖਦੇਵ ਸਿੰਘ ,ਗੁਰਨਾਮ ਸਿੰਘ ਭੋਤਨਾ, ਜੱਜ ਸਿੰਘ ਗਹਿਲ ਕੁਲਜੀਤ ਸਿੰਘ ਵਜੀਦਕੇ ,ਮਲਕੀਤ ਸਿੰਘ ਹੇੜੀਕੇ, ਨਾਜ਼ਰ ਸਿੰਘ ਠੁੱਲੀਵਾਲ, ਔਰਤ ਜ਼ਿਲ੍ਹਾ ਆਗੂ ਕਮਲਜੀਤ ਕੌਰ ਬਰਨਾਲਾ, ਬਿੰਦਰ ਪਾਲ ਕੌਰ ਭਦੌੜ, ਮਨਜੀਤ ਕੌਰ ਕਾਹਨੇ, ਲਖਵੀਰ ਕੌਰ, ਅਮਰਜੀਤ ਕੌਰ, ਸੁਖਦੇਵ ਕੌਰ ਤੇ ਸੁਖਵਿੰਦਰ ਕੌਰ ਸ਼ਾਮਲ ਸਨ।