ਪਰਸ਼ੋਤਮ ਬੱਲੀ
ਬਰਨਾਲਾ, 18 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵਿਦਿਆਰਥੀ ਲਹਿਰ ਦੇ ਸਿਰਮੌਰ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਸਮਰਪਿਤ ਸੂਬਾਈ ਨੌਜਵਾਨ ਕਿਸਾਨ ਕਾਨਫਰੰਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਈ ਗਈ। ਇਹ ਕਨਵੈਨਸ਼ਨ ਬੀਕੇਯੂ ਏਕਤਾ ਡਕੌਂਦਾ ਦੇ ਨੌਜਵਾਨ ਕਿਸਾਨ ਆਗੂਆਂ ਹਰਮੰਡਲ ਜੋਧਪੁਰ, ਅਮਰਜੀਤ ਰੋੜੀਕਪੂਰਾ, ਮਨਪ੍ਰੀਤ ਕੌਰ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਸਿੱਧਵਾਂ, ਪਰਵਿੰਦਰ ਮੁਕਤਸਰ, ਮਨਜੀਤ ਸਿੰਘ ਭਾਈਰੂਪਾ ਦੀ ਪ੍ਰਧਾਨਗੀ ਕਾਲਾ ਜੈਦ ਦੀ ਸਟੇਜ ਸੰਚਾਲਨਾ ਹੇਠ ਹੋਈ। ਸ਼ੁਰੂਆਤ ਸ਼ਹੀਦਾਂ ਨੂੰ ਸ਼ਰਧਾਂਜਲੀ ਅਜਮੇਰ ਅਕਲੀਆ ਦੇ ਗੀਤ ਨਾਲ ਦਿੱਤੀ ਗਈ। ਮੰਚ ਸੰਚਾਲਨ ਕਰਦਿਆਂ ਕਾਲਾ ਜੈਦ ਨੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਜੀਵਨ ਉੱਪਰ ਸੰਖੇਪ ਝਾਤ ਪਾਈ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਾਮਰਾਜ-ਮੁਰਦਾਬਾਦ ਅਤੇ ਇਨਕਲਾਬ ਜਿੰਦਾਬਾਦ ਦੇ ਅਸਲ ਮਕਸਦ ਲੁੱਟ ਰਹਿਤ ਸਮਾਜ ਦੀ ਸਿਰਜਣਾ ਦੇ ਸੰਕਲਪ ਤੋਂ ਜਾਣੂ ਕਰਵਾਇਆ। ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਆਪਣੀ ਜਥੇਬੰਦੀ ਦੇ ਨੌਜਵਾਨ ਕਿਸਾਨ ਆਗੂਆਂ ਦੀ ਤਾਕਤ ਉੱਤੇ ਮਾਣ ਮਹਿਸੂਸ ਕੀਤਾ। ਕਿਸਾਨ ਆਗੂਆਂ ਬਲਵੀਰ ਕੌਰ, ਮਨਪ੍ਰੀਤ ਕੌਰ ਨੇ ਔਰਤਾਂ ਦੀ ਮੌਜੂਦਾ ਕਿਸਾਨ ਅੰਦੋਲਨ ਵਿੱਚ ਭੁਮਿਕਾ ਬਾਰੇ ਚਰਚਾ ਕਰਦਿਆਂ ਔਰਤਾਂ ਨੂੰ ਆਗੂ ਸਫਾਂ ਵੱਡੀ ਜ਼ਿੰਮੇਵਾਰੀ ਦੇ ਸੰਗ ਅੱਗੇ ਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਸਾਬਕਾ ਇੰਜਨੀਅਰ ਅੰਗਰੇਜ ਸਿੰਘ ਨੇ ਮੌਜੂਦਾ ਬਿਜਲੀ ਸੰਕਟ ਸਬੰਧੀ ਹਕੂਮਤਾਂ ਦੇ ਪਾਜ ਉਘੇੜੇ। ਗੁਰਦੀਪ ਸਿੰਘ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਨੌਜਵਾਨ ਕਿਸਾਨਾਂ ਨੂੰ ਭਵਿੱਖ ਦੀਆਂ ਵੰਗਾਰਾਂ ਦੇ ਸਨਮੁੱਖ ਵੱਡੀਆਂ ਜ਼ਿੰਮੇਵਾਰੀਆਂ ਓਟਣ ਦਾ ਸੱਦਾ ਦਿੱਤਾ। ਨਾਟਕਕਾਰ ਸੁਰਿੰਦਰ ਸ਼ਰਮਾ ਨੇ ਚੱਲ ਰਹੇ ਕਿਸਾਨ ਅੰਦੋਲਨ ਸਮੇਤ ਹਰ ਲੋਕ ਸੰਘਰਸ਼ ਵਿੱਚ ਕਲਮਕਾਰਾਂ, ਨਾਟਕਾਰਾਂ, ਰੰਗਕਰਮੀਆਂ, ਬੁੱਧੀਜੀਵੀਆਂ ਦੀ ਭੂਮਿਕਾ ਕਲਮ ਕਲਾ ਸੰਗਰਾਮ ਦੀ ਸਾਂਝੀ ਗਲਵੱਕੜੀ ਹੋਰ ਪੀਡੀ ਕਰਨ ’ਤੇ ਜ਼ੋਰ ਦਿੱਤਾ। ਚਾਰ ਸਾਲਾ ਕਪਤਾਨ ਸਿੰਘ ਮਹਿਲਕਲਾਂ ਅਤੇ ਧਨੌਲੇ ਵਾਲੇ ਪਾਠਕ ਭਰਾਵਾਂ ਨੇ ਜੋਸ਼ੀਲੇ ਗੀਤਾਂ ਰਾਹੀਂ ਸਾਂਝ ਪਾਈ। ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ ਨੇ ਅਨੇਕਾਂ ਸਾਥੀਆਂ ਸਮੇਤ ਪ੍ਰਬੰਧਕੀ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ।