ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਕਤੂਬਰ
ਕਾਲੇ ਖੇਤੀ ਕਾਨੂੰਨਾਂ ਵਿਰੁੱਧ ਦੇਸ਼ਵਿਆਪੀ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਦੇ ਮਕਸਦ ਨਾਲ ਸਾਲ ਭਰ ਤੋਂ ਕਿਸਾਨਾਂ ਵੱਲੋਂ ਘੇਰੇ ਹੋਏ ਬੈਸਟ ਪ੍ਰਾਈਸ ਭੁੱਚੋ ਦੇ ਪ੍ਰਬੰਧਕਾਂ ਵੱਲੋਂ ਬਰਤਰਫ਼ ਕੀਤੇ ਗਏ ਮੁਲਾਜ਼ਮ ਬਹਾਲ ਕਰਨ ਦੀ ਮੰਗ ਮੰਨੇ ਜਾਣ ਤੋਂ ਬਾਅਦ ਅੱਜ ਸ਼ਾਮ ਕੰਪਨੀ ਦੇ ਪੰਜ ਮਾਲਾਂ ਦਾ ਘਿਰਾਓ ਖ਼ਤਕ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਅਗਵਾਈ ਹੇਠ ਕਿਸਾਨਾਂ ਤੇ ਮੁਲਾਜ਼ਮਾਂ ਦੇ ਵਫ਼ਦ ਨਾਲ ਆਈਜੀ ਬਠਿੰਡਾ ਵੱਲੋਂ ਕੰਪਨੀ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਕਰਵਾਈ ਗਈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਅੱਜ ਬੈਸਟ ਪ੍ਰਾਈਸ ਮਾਲ ਜਲੰਧਰ ਦੇ ਸੱਤ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਬਾਰੇ ਜਾਣਕਾਰੀ ਲੇਟ ਮਿਲਣ ਕਾਰਨ ਸਮਝੌਤਾ ਗੱਲਬਾਤ ਸਮੇਂ ਇਹ ਮਸਲਾ ਵਿਚਾਰਿਆ ਨਹੀਂ ਜਾ ਸਕਿਆ ਅਤੇ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਇਸ ਮਸਲੇ ਨੂੰ ਵੀ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਇਸੇ ਦੌਰਾਨ ਜਥੇਬੰਦੀ ਵੱਲੋਂ ਨਰਮੇ ਦੀ ਫ਼ਸਲ ਦੀ ਤਬਾਹੀ ਅਤੇ ਝੋਨੇ ਦੀ ਸਰਕਾਰੀ ਖਰੀਦ ਸਬੰਧੀ ਮੰਗਾਂ ਨੂੰ ਲੈ ਕੇ ਪੰਜ ਜ਼ਿਲ੍ਹਿਆਂ ਵਿੱਚ ਡੀਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ।