ਜੋਗਿੰਦਰ ਸਿੰਘ ਮਾਨ
ਮਾਨਸਾ, 24 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਟਿਆਲਾ ਦੇ ਪੁੱਡਾ ਮੈਦਾਨ ਵਿੱਚ 28 ਤੋਂ 30 ਮਈ ਲਈ ਤਜਵੀਜ਼ਤ ਦਿਨ-ਰਾਤ ਦੇ ਧਰਨੇ ਨੂੰ ਵਾਪਸ ਲੈਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਖ਼ਬਾਰਾਂ ਰਾਹੀਂ ਕੀਤੀ ਅਪੀਲ ਨੂੰ ਠੋਸ ਅੰਕੜਿਆਂ ਦੇ ਹਵਾਲੇ ਨਾਲ ਰੱਦ ਕਰ ਦਿੱਤਾ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਅੰਕੜਿਆਂ ਰਾਹੀਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਮਹਾਮਾਰੀ ਦੇ ਅਸਰਦਾਰ ਟਾਕਰੇ ਲਈ (ਮੁੱਖ ਮੰਤਰੀ ਦੇ ਕਹੇ ਮੁਤਾਬਕ) ਸਿਰਫ਼ ਵੈਕਸੀਨ ਦੀ ਹੀ ਕਮੀ ਨਹੀਂ ਹੈ, ਬਲਕਿ ਹੋਰ ਅਤਿ ਅਹਿਮ ਪ੍ਰਬੰਧਾਂ ਦੀ ਬੇਹੱਦ ਰੜਕਵੀਂ ਘਾਟ ਹੈ। ਇਹੀ ਵਜ੍ਹਾ ਹੈ ਕਿ ਮਹਾਮਾਰੀ ਕਾਰਨ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕਿਸਾਨ ਆਗੂ ਨੇ ਕਿਹਾ ਕਿ ਇਹ ਤਿੰਨ ਰੋਜ਼ਾ ਧਰਨਾ ਸ਼ੌਕ ਵਜੋਂ ਨਹੀਂ ਲਾਇਆ ਜਾ ਰਿਹਾ, ਸਗੋਂ ਸਰਕਾਰੀ ਅਣਗਹਿਲੀ ਸਦਕਾ ਅੰਤਾਂ ਦਾ ਸੰਤਾਪ ਭੋਗ ਰਹੇ ਪੰਜਾਬ ਵਾਸੀਆਂ ਨੂੰ ਕਰੋਨਾ ਮਹਾਮਾਰੀ ਤੋਂ ਹਕੀਕੀ ਰਾਹਤ ਦਿਵਾਉਣ ਤੇ ਕਾਲੇ ਖੇਤੀ ਕਾਨੂੰਨਾਂ ਵਿਰੋਧੀ ਸਿਖਰਾਂ ਛੂਹ ਰਹੇ ਮੋਰਚਿਆਂ ਵਿੱਚੋਂ ਅਣਸਰਦੇ ਨੂੰ ਸਮਾਂ ਕੱਢਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੁੱਖ ਮੰਤਰੀ ਵੱਲੋਂ ਕੇਂਦਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ਅਸੈਂਬਲੀ ’ਚ ਮਤਾ ਪਾਸ ਕਰ ਕੇ ਕਿਸਾਨਾਂ ’ਤੇ ਅਹਿਸਾਨ ਜਤਾਉਂਦੀ ਦਲੀਲ ਦਾ ਸਬੰਧ ਹੈ, ਮੁੱਖ ਮੰਤਰੀ ਨੂੰ ਪੁੱਛਣਾ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਖੁਦ ਪਾਸ ਕੀਤਾ ਗਿਆ ਖੁੱਲ੍ਹੀ ਮੰਡੀ ਦਾ ਕਾਨੂੰਨ ਅਜੇ ਤੱਕ ਕਿਉਂ ਰੱਦ ਨਹੀਂ ਕੀਤਾ ਗਿਆ। ਉਨ੍ਹਾਂ ਸਰਕਾਰੀ ਦਲੀਲਾਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਸਮੂਹ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਪਟਿਆਲਾ ਧਰਨੇ ਨੂੰ ਸਫ਼ਲ ਬਣਾਉਣ ਲਈ ਹੁਣੇ ਤੋਂ ਜੁਟ ਜਾਣ।