ਜਸਵੰਤ ਜੱਸ
ਫਰੀਦਕੋਟ, 6 ਜਨਵਰੀ
ਜ਼ਿਲ੍ਹੇ ਦੀਆਂ ਸਮੂਹ ਨੇਤਰਹੀਣ ਜਥੇਬੰਦੀਆਂ ਦੇ ਕਾਰਕੁਨਾਂ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਰੋਸ ਦਰਜ ਕਰਵਾਉਣ ਲਈ ਮੀਂਹ ਅਤੇ ਕੜਾਕੇ ਦੀ ਠੰਢ ਵਿੱਚ ਕੋਟਕਪੂਰਾ ਤੋਂ ਫ਼ਰੀਦਕੋਟ ਤਕ 16 ਕਿਲੋਮੀਟਰ ਲੰਬਾ ਪੈਦਲ ਰੋਸ ਮਾਰਚ ਕੀਤਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਫਰੀਦਕੋਟ ਸਾਹਮਣੇ ਰੋਸ ਮੁਜ਼ਾਹਰੇ ਤੋਂ ਬਾਅਦ ਨਵੇਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ। ਨੇਤਰਹੀਣ ਸੰਸਥਾ ਦੇ ਮੁਖੀ ਪ੍ਰੋ. ਰਾਜੇਸ਼ ਮੋਹਨ ਨੇ ਕਿਹਾ ਕਿ ਬਰੇਲ ਲਿੱਪੀ ਦੇ ਨਿਰਮਾਤਾ ਲੂਈਸ ਬਰੇਲ ਦੀ ਯਾਦ ਵਿੱਚ ਇਹ ਚੇਤਨਾ ਮਾਰਚ ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਪ੍ਰੋ. ਰਾਜੇਸ਼ ਮੋਹਨ ਨੇ ਕਿਹਾ ਕਿ ਦੇਸ਼ ਦੀ ਸਰਕਾਰੀ ਅੰਨ੍ਹੀ ਤੇ ਬੋਲ਼ੀ ਹੋ ਚੁੱਕੀ ਹੈ, ਜਿਸ ਨੂੰ ਜਗਾਉਣ ਲਈ ਨੇਤਰਹੀਣਾਂ ਨੇ ਪੈਦਲ ਰੋਸ ਮਾਰਚ ਅਤੇ ਮੁਜ਼ਾਹਰਾ ਕੀਤਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਬਖ਼ਸ਼ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੇ ਸਾਬਤ ਕੀਤਾ ਹੈ ਕਿ ਦੇਸ਼ ਦੀ ਕੇਂਦਰ ਸਰਕਾਰ ਕਿਸਾਨ ਤੇ ਮਜ਼ਦੂਰ ਵਿਰੋਧੀ ਹੈ। ਅਨਿਲ ਗੁਪਤਾ, ਹਰਤਿੰਦਰ ਸਿੰਘ, ਪ੍ਰੋ. ਸ਼ਾਮ ਸੁੰਦਰ, ਜਗਦੀਪ ਸਿੰਘ, ਰਾਮ ਗਨੇਸ਼ ਅਤੇ ਕੁਲਵੰਤ ਸਿੰਘ ਨੇ ਕਿਹਾ ਕਿ ਦੇਸ਼ ਦੇ ਕਿਸਾਨ ਪਿਛਲੇ 42 ਦਿਨਾਂ ਤੋਂ ਕੜਾਕੇ ਦੀ ਠੰਢ ਵਿੱਚ ਨੀਲੇ ਅਸਮਾਨ ਹੇਠ ਬੈਠੇ ਹਨ ਅਤੇ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਕਾਰਨ ਦੇਸ਼ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਢਾਹ ਲੱਗੀ ਹੈ। ਇਸ ਮੌਕੇ ਬਘੇਲ ਸਿੰਘ, ਫੂਲਾ ਸਿੰਘ, ਅਵਤਾਰ ਸਿੰਘ ਸਰਪੰਚ ਤੇ ਗੋਬਿੰਦ ਸਿੰਘ ਪਿੱਪਲੀ ਵੀ ਹਾਜ਼ਰ ਸਨ।