ਖੇਤਰੀ ਪ੍ਰਤੀਨਿਧ
ਪਟਿਆਲਾ, 3 ਜੁਲਾਈ
ਪ੍ਰਾਇਮਰੀ ਸਕੂਲਾਂ ਦੇ 162 ਨੇਤਰਹੀਣ ਸੰਗੀਤ ਅਧਿਆਪਕਾਂ ਨੂੰ ਪਹਿਲੀ ਜੁਲਾਈ ਤੋਂ ਹਾਈ ਸਕੂਲਾਂ ਵਿੱਚ ਭੇਜਣ ਦੇ ਜਾਰੀ ਹੁਕਮਾਂ ਤੋਂ ਖਫ਼ਾ ਹੋਏ ਨੇਤਰਹੀਣ ਅਧਿਆਪਕਾਂ ਨੇ ਅੱਜ ਆਪਣੇ ਹੋਰ ਸਾਥੀਆਂ ਨਾਲ ਵਾਈਪੀਐੱਸ ਚੌਕ ਵਿੱਚ ਧਰਨਾ ਲਾਇਆ। ਉਨ੍ਹਾਂ ਗੁਪਤ ਤੌਰ ’ਤੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ, ਜਿਸ ਤਹਿਤ ਉਹ ਜਦੋਂ ਵਾਈਪੀਐੱਸ ਚੌਕ ਪੁੱਜੇ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਦੇ ਮੁੱਖ ਮੰਤਰੀ ਨਿਵਾਸ ਵੱਲ ਕੂਚ ਕਰਨ ਤੋਂ ਪਹਿਲਾਂ ਹੀ ਡੀਐੱਸਪੀ ਯੋਗੇਸ ਸ਼ਰਮਾ ਉੱਥੇ ਪਹੁੰਚ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਰੋਕਾਂ ਲਾ ਕੇ ਉਨ੍ਹਾਂ ਨੂੰ ਉੱਥੇ ਹੀ ਰੋਕ ਲਿਆ। ਪੁਲੀਸ ਦੇ ਕਹਿਣ ’ਤੇ ਨੇਤਰਹੀਣ ਉਥੇ ਹੀ ਬੈਠ ਕੇ ਨਾਅਰੇਬਾਜ਼ੀ ਕਰਨ ਲੱਗੇ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਦਿਆਂ ਨੈਸ਼ਨਲ ਫੈਡਰੇਸ਼ਨ ਆਫ ਦਿ ਬਲਾਈਂਡ ਪੰਜਾਬ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਆਗੂ ਗੁਰਪ੍ਰੀਤ ਸਿੰਘ ਚਾਹਲ ਅਤੇ ਬਲਵਿੰਦਰ ਸਿੰਘ ਚਾਹਲ ਨੇ ਐਲਾਨ ਕੀਤਾ ਕਿ ਨੇਤਰਹੀਣ ਸੰਗੀਤ ਆਧਿਆਪਕਾਂ ਨੂੰ ਪ੍ਰਾਇਮਰੀ ਤੋਂ ਹਾਈ ਸਕੂਲਾਂ ਵਿੱਚ ਭੇਜੇ ਜਾਣ ਦਾ ਫੈਸਲਾ ਵਾਪਸ ਲਏ ਜਾਣ ਤੱਕ ਉਹ ਇਥੇ ਹੀ ਡਟੇ ਰਹਿਣਗੇ। ਡੀਐੱਸਪੀ ਯੋਗੇਸ਼ ਸ਼ਰਮਾ ਵੱਲੋਂ ਪੰਜ ਜੁਲਾਈ ਨੂੰ ਸਿੱਖਿਆ ਸਕੱਤਰ ਨਾਲ ਮੀਟਿੰਗ ਦੇ ਦਿੱਤੇ ਗਏ ਭਰੋਸੇ ਮਗਰੋਂ ਉਨ੍ਹਾਂ ਧਰਨਾ ਚੁੱਕ ਲਿਆ। ਧਰਨੇ ’ਚ ਬਲਵਿੰਦਰ ਸਿੰਘ, ਇਕਬਾਲ ਸਿੰਘ, ਸੁਖਵਿੰਦਰ ਸਿੰਘ, ਰਾਜਿੰਦਰ ਸੋਨੂੰ, ਪਰਮਿੰਦਰ ਫੁੱਲਾਂਵਾਲ, ਜਗਜੀਤ ਤੇ ਹੋਰ ਮੌਜੂਦ ਸਨ।