ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 6 ਜੁਲਾਈ
ਪੰਜਾਬ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੇ ਅੱਠ ਜੁਲਾਈ ਤੋਂ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਐਸੋਸੀਏਸ਼ਨ ਨੇ ਦੱਸਿਆ ਕਿ ਹੜਤਾਲ ਦੌਰਾਨ ਉਹ ਕੋਵਿਡ-19 ਨਾਲ ਸਬੰਧਤ ਕੰਮਾਂ ਨੂੰ ਛੱਡ ਕੇ ਹੋਰ ਕੋਈ ਕੰਮ ਨਹੀਂ ਕਰਨਗੇ। ਬੀਡੀਪੀਓਜ਼ ਦੇ ਸੂਬਾ ਪ੍ਰਧਾਨ ਨਵਦੀਪ ਕੌਰ, ਸੀਨੀਅਰ ਮੀਤ ਪ੍ਰਧਾਨ ਧਨਵੰਤ ਸਿੰਘ ਅਤੇ ਮੀਤ ਪ੍ਰਧਾਨ ਪ੍ਰਨੀਤ ਕੌਰ ਨੇ ਕਿਹਾ ਕਿ ਬੀਡੀਪੀਓ ਨੂੰ 1996 ਤੋਂ ਪਹਿਲਾਂ ਚੱਲਦੇ ਸਕੇਲ ਅਨੁਸਾਰ ਨਵਾਂ ਸਕੇਲ ਮਿਲਣਾ ਚਾਹੀਦਾ ਸੀ ਪਰ ਕਮਿਸ਼ਨ ਨੇ ਅਜਿਹਾ ਨਾ ਕਰਕੇ 2011 ਵਿੱਚ ਕੀਤੀ ਅਨੇਮਲੀ ਸੋਧ ਅਨੁਸਾਰ ਸਕੇਲ ਨਿਰਧਾਰਤ ਕੀਤਾ ਹੈ, ਜਿਸ ਨਾਲ ਤਨਖਾਹਾਂ ਵਧਣ ਦੀ ਥਾਂ ਘਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਵੀ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।