ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਦਸੰਬਰ
ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ ਨੌਜਵਾਨਾਂ ਨੇ ਕੁੱਝ ਸਮਾਜ ਸੇਵੀਆਂ ਨਾਲ ਮਿਲ ਕੇ ਕੇਂਦਰ ਸਰਕਾਰ ਨੂੰ ‘ਜਗਾਉਣ’ ਖਾਤਰ ਖ਼ੂਨ ਨਾਲ ਲਿਖੇ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਹਨ। ਇਸ ਸੰਘਰਸ਼ ਵਿਚ ਹਰ ਵਰਗ ਤੇ ਹਰ ਧਰਮ ਦੇ ਲੋਕਾਂ ਦੀ ਆਮਦ ਨਾਲ ਇਹ ਹੁਣ ਲੋਕ ਅੰਦੋਲਨ ਬਣਦਾ ਜਾ ਰਿਹਾ ਹੈ। ਨੌਜਵਾਨ 25 ਨਵੰਬਰ ਤੋਂ ਹੀ ਪੰਜਾਬ ਤੋਂ ਚੱਲ ਕੇ ਸਾਰੀਆਂ ਰੁਕਾਵਟਾਂ ਪਾਰ ਕਰਕੇ ਦਿੱਲੀ ਦਾ ਰੁਖ਼ ਕਰ ਰਹੇ ਹਨ ਤੇ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਅੱਜ ਖੂਨਦਾਨ ਕੀਤਾ ਗਿਆ ਤੇ ਨੌਜਵਾਨਾਂ ਨੇ ਆਪਣੇ ਖ਼ੂਨ ਨਾਲ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨੂੰ ਭੇਜੀ ਤੇ ਕਿਹਾ ਕਿ ‘ਕਾਲੇ ਕਾਨੂੰਨ ਜਲਦੀ ਵਾਪਸ ਲਏ ਜਾਣ।’ ਇਸ ਮੌਕੇ ਸਮਾਜ ਸੇਵੀ ਨਰਿੰਦਰ ਸਿੰਘ ਨੇ ਕਿਹਾ ਕਿ ਜਿੰਨਾ ਲੰਮਾ ਸਰਕਾਰ ਇਸ ਸੰਘਰਸ਼ ਨੂੰ ਲਮਕਾਏਗੀ, ਇਹ ਹੋਰ ਤਿੱਖਾ ਤੇ ਮਜ਼ਬੂਤ ਹੁੰਦਾ ਜਾਵੇਗਾ।
ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਕਾਫ਼ਲਿਆਂ ਦੇ ਰੂਪ ਵਿੱਚ ਦਿੱਲੀ ਵੱਲ ਕੂਚ ਕਰ ਰਹੇ ਹਨ। ਭਾਈ ਘਨ੍ਹੱਈਆ ਸੇਵਾ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਨਿਮਾਣਾ, ਗੁਰਦੀਪ ਸਿੰਘ ਸੰਧੂ ਅਤੇ ਲੱਖਾ ਸਿਧਾਣਾ ਨੇ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ।