ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਲੱਗਣ ਲਈ ਸੇਵਾਮੁਕਤ ਆਈਏਐੱਸ ਅਫ਼ਸਰਾਂ ਅਤੇ ਸਿੱਖਿਆ ਸ਼ਾਸਤਰੀਆਂ ਵਿੱਚ ਦੌੜ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਨੇ 22 ਮਈ ਸ਼ਾਮ 5 ਵਜੇ ਤੱਕ ਚੇਅਰਮੈਨ ਲੱਗਣ ਦੇ ਚਾਹਵਾਨਾਂ ਕੋਲੋਂ ਅਰਜ਼ੀਆਂ ਮੰਗੀਆਂ ਸਨ। ਪਤਾ ਲੱਗਾ ਹੈ ਕਿ ਇਕ ਮੌਜੂਦਾ ਜੱਜ ਸਮੇਤ ਤਿੰਨ ਸੇਵਾਮੁਕਤ ਆਈਏਐੱਸ ਅਫ਼ਸਰਾਂ, ਇਕ ਸਾਬਕਾ ਏਡੀਸੀ, ਬੋਰਡ ਦੇ ਸਾਬਕਾ ਸਕੱਤਰ ਅਤੇ ਕੁਝ ਸਿੱਖਿਆ ਸ਼ਾਸਤਰੀਆਂ ਸਮੇਤ ਕਰੀਬ 37 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਨੇ ਵਾਈਸ ਚੇਅਰਮੈਨ ਦੀ ਖਾਲੀ ਅਸਾਮੀ ਭਰ ਲਈ ਹੈ, ਬਸ ਰਸਮੀ ਐਲਾਨ ਕਰਨਾ ਬਾਕੀ ਹੈ। ਬੋਰਡ ਦੇ ਇੱਕ ਮੈਂਬਰ ਨੂੰ ਵਾਈਸ ਚੇਅਰਮੈਨ ਲਾਉਣ ਦੇ ਵੀ ਚਰਚੇ ਹਨ। ਸਿੱਖਿਆ ਬੋਰਡ ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਰੋਸ਼ਨ ਸੰਕਾਰੀਆਂ, ਮਨਜੀਤ ਸਿੰਘ ਨਾਰੰਗ, ਏਐੱਸ ਮਿਗਲਾਨੀ, ਐੱਚਐੱਸ ਨੰਦਾ (ਸੇਵਾਮੁਕਤ ਆਈਏਐੱਸ ਅਫ਼ਸਰ), ਸਾਬਕਾ ਏਡੀਸੀ ਚਰਨਦੇਵ ਸਿੰਘ ਮਾਨ, ਸਿੱਖਿਆ ਸ਼ਾਸਤਰੀ ਡਾ. ਬਲਵਿੰਦਰ ਸਿੰਘ, ਹਿੰਦੂ ਕਾਲਜ ਅੰਮ੍ਰਿਤਸਰ ਦੇ ਪ੍ਰਿੰਸਪੀਲ ਪਰਮਜੀਤ ਸਿੰਘ ਜੋ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਵੀ ਹਨ ਅਤੇ ਪੰਜਾਬ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਸ਼ਰਮਾ ਨੇ ਚੇਅਰਮੈਨ ਲੱਗਣ ਦੀ ਇੱਛਾ ਪ੍ਰਗਟਾਈ ਹੈ। ਜਦੋਂਕਿ ਬੋਰਡ ਆਫ਼ ਡਾਇਰੈਕਟਰ ਦੇ ਇਕ ਮੈਂਬਰ ਮੋਹਨ ਲਾਲ ਸ਼ਰਮਾ ਨੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੋ ਅਹੁਦਿਆਂ ਲਈ ਵੱਖੋ-ਵੱਖ ਅਰਜ਼ੀਆਂ ਦਿੱਤੀਆਂ ਹਨ। ਇਕ ਮੌਜੂਦਾ ਜੱਜ ਨੇ ਚੇਅਰਮੈਨ ਲੱਗਣ ਲਈ ਅਰਜ਼ੀ ਦਿੱਤੀ ਹੈ।