ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਦਸੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੇ ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਜਮਾਤਾਂ ਦੇ ਕਈ ਪੇਪਰ ਲੀਕ ਹੋਣ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਬੋਰਡ ਨੇ ਪ੍ਰੀਖਿਆਵਾਂ ਲਈ ਸਕੂਲਾਂ ਤੋਂ ਉਤਰ ਪੱਤਰੀਆਂ ਚੈੱਕ ਕਰਵਾਉਣ ਦੇ ਅਧਿਕਾਰ ਖੋਹ ਲਏ ਹਨ। ਇਸ ਸਬੰਧੀ ਹਦਾਇਤਾਂ ਲੰਘੀ ਰਾਤ ਅੱਠ ਵਜੇ ਜਾਰੀ ਹੋਈਆਂ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਮਾਮਲੇ ’ਤੇ ਕਿਸੇ ਵੀ ਅਧਿਕਾਰੀ ਨੂੰ ਮੀਡੀਆ ਨਾਲ ਗੱਲ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਰਿਕਾਰਡ ਅਨੁਸਾਰ ਪਹਿਲਾਂ ਸੀਬੀਐੱਸਈ ਨਵੀਂ ਦਿੱਲੀ ਵੱਲੋਂ ਸਕੂਲਾਂ ਨੂੰ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ 9.30 ਵਜੇ ਸਵੇਰੇ ਈਮੇਲ ਜ਼ਰੀਏ ਪ੍ਰਸ਼ਨ ਪੱਤਰ ਭੇਜੇ ਜਾਂਦੇ ਸੀ, ਜਿਸ ਨੂੰ ਸਕੂਲਾਂ ਵਾਲੇ ਡਾਊਨਲੋਡ ਕਰ ਕੇ ਤੇ ਪ੍ਰਿੰਟ ਕਰਵਾ ਕੇ ਵਿਦਿਆਰਥੀਆਂ ਨੂੰ ਦਿੰਦੇ ਸਨ। 11.30 ਵਜੇ ਪ੍ਰੀਖਿਆ ਸ਼ੁਰੂ ਹੁੰਦੀ ਸੀ ਤੇ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਸਕੂਲ ਆਪਣੇ ਅਧਿਆਪਕਾਂ ਤੋਂ ਪੇਪਰ ਚੈੱਕ ਕਰਵਾ ਕੇ ਸਹੀ ਸਵਾਲਾਂ ਦਾ ਵੇਰਵਾ ਬੋਰਡ ਨੂੰ ਭੇਜਦੇ ਸਨ। ਪਰ ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਬੋਰਡ ਵੱਲੋਂ ਪੇਪਰ ਭੇਜਣ ਤੋਂ ਬਾਅਦ ਕਈ ਅਧਿਆਪਕ ਆਪਣੇ ਜਾਣਕਾਰਾਂ ਨੂੰ ਇਹ ਪ੍ਰਸ਼ਨ ਪੱਤਰ ਵ੍ਹਟਸਐਪ ’ਤੇ ਭੇਜ ਦਿੰਦੇ ਸੀ ਤੇ ਕਈ ਅਧਿਆਪਕ ਸਵਾਲਾਂ ਨੂੰ ਹੱਲ ਕਰਨ ਤੋਂ ਬਾਅਦ ਇਹ ਜਾਣਕਾਰੀ ਅੱਗੇ ਵੰਡਦੇ ਸੀ। ਇਸ ਕਰਕੇ ਦੋਵੇਂ ਜਮਾਤਾਂ ਦੇ ਕਈ ਪੇਪਰ ਲੀਕ ਹੋਏ ਹਨ।
ਸੀਬੀਐੱਸਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੇਪਰ ਲੀਕ ਹੋਣ ਦੀਆਂ ਸ਼ਿਕਾਇਤਾਂ ਦੀ ਪੁਸ਼ਟੀ ਹੋਣ ਮਗਰੋਂ ਹੀ ਸਕੂਲ ਮੁਖੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਹੁਣ ਸਕੂਲ ਵਾਲੇ ਪੇਪਰ ਚੈੱਕ ਨਹੀਂ ਕਰਨਗੇ ਤੇ ਪੇਪਰ ਖਤਮ ਹੋਣ ਦੇ 15 ਮਿੰਟ ਅੰਦਰ ਹੀ ਓਐੱਮਆਰ ਸ਼ੀਟਾਂ ਆਬਜ਼ਰਵਰ ਦੀ ਹਾਜ਼ਰੀ ’ਚ ਸੀਲਬੰਦ ਕਰ ਕੇ ਸੀਬੀਐੱਸਈ ਖੇਤਰੀ ਦਫ਼ਤਰ ਵਿੱਚ ਭੇਜੀਆਂ ਜਾਣ, ਜਿਨ੍ਹਾਂ ’ਤੇ ਸੈਂਟਰ ਸੁਪਰਡੈਂਟ ਤੇ ਆਬਜ਼ਰਵਰਾਂ ਦੇ ਦਸਤਖ਼ਤ ਕੀਤੇ ਹੋਣ।
ਕੇਂਦਰਾਂ ’ਚ ਵਿਦਿਆਰਥੀਆਂ ਦੇ ਦਾਖਲ ਹੋਣ ਮਗਰੋਂ ਭੇਜੇ ਜਾਣਗੇ ਪਾਸਵਰਡ
ਇਸ ਤੋਂ ਪਹਿਲਾਂ ਜਦੋਂ ਵਿਦਿਆਰਥੀ ਪ੍ਰੀਖਿਆ ਦੇਣ ਲਈ ਸਕੂਲਾਂ ਵਿੱਚ ਨਹੀਂ ਆਏ ਹੁੰਦੇ ਸੀ ਤਾਂ ਸਵੇਰੇ 9.30 ਵਜੇ ਪੇਪਰ ਸਕੂਲਾਂ ਨੂੰ ਭੇਜ ਦਿੱਤਾ ਜਾਂਦਾ ਸੀ, ਪਰ ਹੁਣ ਬੋਰਡ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਹਾਲ ’ਚ 10.45 ਵਜੇ ਤੋਂ ਬਾਅਦ ਪ੍ਰੀਖਿਆ ਕੇਂਦਰ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਤੇ ਸਕੂਲਾਂ ਨੂੰ ਸਵੇਰੇ 10.45 ਵਜੇ ਹੀ ਪ੍ਰਸ਼ਨ ਪੱਤਰ ਲਈ ਪਾਸਵਰਡ ਭੇਜਿਆ ਜਾਵੇਗਾ। ਸਕੂਲਾਂ ਨੂੰ ਇਹ ਵੀ ਕਿਹਾ ਗਿਆ ਹੈ ਜੇ ਕੋਈ ਵਿਦਿਆਰਥੀ ਕਿਸੇ ਖਾਸ ਕਾਰਨ ਲੇਟ ਆਉਂਦਾ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣ ਤੋਂ ਬਾਅਦ ਹੀ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਦਿੱਤਾ ਜਾਵੇ।
ਸੈਂਟਰ ਸੁਪਰਡੈਂਟਾਂ ’ਤੇ ਕਾਨੂੰਨੀ ਕਾਰਵਾਈ ਹੋਵੇਗੀ
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇ ਪ੍ਰੀਖਿਆ ਕੇਂਦਰ ਵਿੱਚ ਕੋਈ ਕੋਤਾਹੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਾਂ ’ਤੇ ਕਾਨੂੂੰਨੀ ਕਾਰਵਾਈ ਕੀਤੀ ਜਾਵੇਗੀ। ਸਕੂਲਾਂ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਇਹ ਹਦਾਇਤਾਂ 16 ਦਸੰਬਰ ਤੋਂ ਬਾਅਦ ਅਮਲ ਵਿੱਚ ਲਿਆਂਦੀਆਂ ਜਾਣ। ਦੱਸਣਾ ਬਣਦਾ ਹੈ ਕਿ ਬਾਰ੍ਹਵੀਂ ਜਮਾਤ ਦੀਆਂ ਪੋਲੀਟੀਕਲ ਸਾਇੰਸ, ਬਾਇਓਲੋਜੀ, ਇਤਿਹਾਸ, ਇਨਫਰਮੈਟਿਕਸ ਪ੍ਰੈਕਟਿਸ, ਕੰਪਿਊਟਰ ਸਾਇੰਸ, ਹੋਮ ਸਾਇੰਸ ਦੀਆਂ ਪ੍ਰੀਖਿਆਵਾਂ ਰਹਿੰਦੀਆਂ ਹਨ।
ਕੋਈ ਵੀ ਪੇਪਰ ਲੀਕ ਨਹੀਂ ਹੋਇਆ: ਖੇਤਰੀ ਅਧਿਕਾਰੀ਼
ਸੀਬੀਐੱਸਈ ਦੇ ਮੁਹਾਲੀ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਕਿਹਾ ਕਿ ਕੋਈ ਵੀ ਪੇਪਰ ਲੀਕ ਨਹੀਂ ਹੋਇਆ ਤੇ ਬੋਰਡ ਵੱਲੋਂ ਪ੍ਰੀਖਿਆ ਦਰਮਿਆਨ ਕੀਤੇ ਬਦਲਾਅ ਸੁਰੱਖਿਆ ਮਾਪਦੰਡ ਮਜ਼ਬੂਤ ਕਰਨ ਲਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦਸਵੀਂ ਦੀਆਂ ਸਾਰੀਆਂ ਪ੍ਰੀਖਿਆ ਸਮਾਪਤ ਹੋ ਗਈਆਂ ਹਨ ਪਰ ਫੇਰ ਵੀ ਬਦਲਾਅ ਕਰਨੇ ਜ਼ਰੂਰੀ ਸਨ। ਇਕ ਹੋਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੇਪਰ ਕਿਸੇ ਪੈਸਿਆਂ ਕਰਕੇ ਲੀਕ ਨਹੀਂ ਹੋਏ ਬਲਕਿ ਸਕੂਲਾਂ ਵਾਲਿਆਂ ਨੇ ਆਪਣੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਨੂੰ ਮੁਹੱਈਆ ਕਰਵਾਏ ਹਨ ਤੇ ਇਸ ਵਿਚ ਪੈਸੇ ਦੀ ਕੋਈ ਸ਼ਮੂਲੀਅਤ ਨਹੀਂ ਮਿਲੀ।