ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਜੂਨ
ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ‘ਪੰਜਾਬ ਦਾ ਕੈਪਟਨ’ ਦਰਸਾਉਣ ਵਾਲੇ ਬੀਤੇ ਦਿਨ ਲਾਏ ਗਏ ਹੋਰਡਿੰਗ ਅਤੇ ਪੋਸਟਰ ਆਦਿ 24 ਘੰਟਿਆਂ ’ਚ ਹੀ ਸ਼ਹਿਰ ’ਚੋਂ ਉਤਾਰ ਦਿੱਤੇ ਗਏ ਹਨ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਵਾਲੇ ਹੋਰਡਿੰਗ ਪਹਿਲਾਂ ਵਾਂਗ ਹੀ ਲੱਗੇ ਹੋਏ ਹਨ।
ਸਿੱਧੂ ਦੇ ਸਮਰਥਕ ਮਾਸਟਰ ਹਰਪਾਲ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਮਿਲ ਰਹੀ ਮਕਬੂਲੀਅਤ ਨੂੰ ਦੇਖ ਕੇ ਕੁਝ ਲੋਕ ਘਬਰਾ ਗਏ ਹਨ। ਉਨ੍ਹਾਂ ਨੇ ਬੌਖਲਾਹਟ ਵਿਚ ਆ ਕੇ ਇਹ ਹੋਰਡਿੰਗ ਹਟਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਾਲੇ ਸਾਰੇ ਬੋਰਡ ਪਹਿਲਾਂ ਵਾਂਗ ਹੀ ਲੱਗੇ ਹੋਏ ਹਨ, ਜਿਸ ਤੋਂ ਸਪੱਸ਼ਟ ਹੈ ਕਿ ਇਹ ਕਾਰਵਾਈ ਸਿੱਧੂ ਵਿਰੋਧੀ ਕਾਂਗਰਸੀਆਂ ਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 20 ਜੂਨ ਨੂੰ ਕਾਂਗਰਸ ਹਾਈਕਮਾਂਡ ਵਲੋਂ ਸੱਦੀ ਗਈ ਮੀਟਿੰਗ ਵਿੱਚ ਸਿੱਧੂ ਨੂੰ ਕੋਈ ਅਹਿਮ ਅਹੁਦਾ ਮਿਲੇਗਾ ਅਤੇ ਮੁੜ ਇਨ੍ਹਾਂ ਸਾਰੀਆਂ ਥਾਵਾਂ ’ਤੇ ਸਿੱਧੂ ਦੇ ਸਮਰਥਨ ਵਿਚ ਵੱਡੇ ਬੋਰਡ ਲੱਗਣਗੇ।