ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਕਤੂਬਰ
ਇੱਥੇ ਥਾਣਾ ਸਿਟੀ ਦੱਖਣੀ ਅਧੀਨ ਸ਼ਹਿਰ ਦੇ ਬਾਹਰੀ ਖੇਤਰ ਬਹੋਨਾ ਬਾਈਪਾਸ ’ਤੇ ਸ਼ਰਾਬ ਠੇਕੇਦਾਰ ਅਤੇ ਆਬਕਾਰੀ ਅਧਿਕਾਰੀਆਂ ਦੀ ਕੁੱਟਮਾਰ ਕਾਰਨ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਲਾਸ਼ ਪਰਿਵਾਰ ਪੰਜ ਦਿਨ ਮਗਰੋਂ ਕਬਰ ’ਚੋਂ ਕੱਢ ਰਿਹਾ ਸੀ ਤਾਂ ਉਥੇ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਹੋ ਗਏ। ਇਸ ਦੌਰਾਨ ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਵੀ ਕਰਦਾ ਰਿਹਾ ਤੇ ਉਥੇ ਹਾਜ਼ਰ ਲੋਕਾਂ ਨੂੰ ਕੁਝ ਦੱਸ ਵੀ ਨਹੀਂ ਸੀ ਰਿਹਾ। ਜਾਣਕਾਰੀ ਅਨੁਸਾਰ 4 ਅਕਤੂਬਰ ਨੂੰ ਇਥੋਂ ਦੇ ਇੱਕ ਸ਼ਰਾਬ ਠੇਕੇਦਾਰ ਅਤੇ ਆਬਕਾਰੀ ਅਧਿਕਾਰੀਆਂ ਨੇ ਪੁਲੀਸ ਸਣੇ ਰਾਜ ਕੁਮਾਰ ਉਰਫ਼ ਰਾਜੂ ਨਾਮ ਦੇ ਰੇਹੜੀ ਵਾਲੇ ਦੇ ਘਰ ਨਾਜਾਇਜ਼ ਸ਼ਰਾਬ ਦੇ ਸ਼ੱਕ ਹੇਠ ਛਾਪਾ ਮਾਰਿਆ ਤੇ ਉਸ ਦੀ ਕੁੱਟਮਾਰ ਕਰ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਆਬਕਾਰੀ ਟੀਮ ਨੇ ਰਾਜੂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਕੁਝ ਦੇਰ ਬਾਅਦ ਉਸ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਇਸ ਦੌਰਾਨ ਸ਼ਰਾਬ ਠੇਕੇਦਾਰ ਤੇ ਆਬਕਾਰੀ ਟੀਮ ਨੇ ਪਰਿਵਾਰ ਦੀ ਮਜਬੂਰੀ ਦਾ ਫ਼ਾਇਦਾ ਚੁੱਕਦਿਆਂ ਉਸ ਨੂੰ ਆਰਥਿਕ ਮਦਦ ਦਾ ਲਾਲਚ ਦਿੱਤਾ ਤੇ ਪਰਿਵਾਰ ਨੇ ਲਾਸ਼ ਦਫ਼ਨਾ ਦਿੱਤੀ। ਆਬਕਾਰੀ ਟੀਮ ਤੇ ਠੇਕੇਦਾਰ ਆਰਥਿਕ ਮਦਦ ਲਈ ਟਾਲ-ਮਟੋਲ ਕਰਨ ਲੱਗ ਪਿਆ ਅਤੇ ਆਖਰ ਉਹ ਮੁੱਕਰ ਹੀ ਗਏ। ਅੱਜ ਜਦੋਂ ਪੀੜਤ ਪਰਿਵਾਰ ਨੇ ਕਬਰ ਪੁੱਟ ਕੇ ਨੌਜਵਾਨ ਦੀ ਲਾਸ਼ ਕੱਢਣੀ ਸ਼ੁਰੂ ਕੀਤੀ ਤਾਂ ਇਸ ਦੀ ਆਬਕਾਰੀ ਟੀਮ ਤੇ ਠੇਕੇਦਾਰ ਨੂੰ ਵੀ ਭਿਣਕ ਲੱਗ ਗਈ। ਮਾਮਲਾ ਸਿਟੀ ਪੁਲੀਸ ਕੋਲ ਪਹੁੰਚ ਗਿਆ। ਪੁਲੀਸ ਨੇ ਦੋਵਾਂ ਧਿਰਾਂ ਦੀ ਮੁੜ ਗੱਲਬਾਤ ਕਰਵਾਈ। ਆਬਕਾਰੀ ਟੀਮ ਤੇ ਠੇਕੇਦਾਰ ਨੂੰ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨ ’ਤੇ ਸਮਝੌਤਾ ਹੋ ਗਿਆ।
ਦੋਹਾਂ ਧਿਰਾਂ ਵਿਚਾਲੇ ਸਮਝੌਤਾ ਕਰਵਾਇਆ: ਡੀਐੱਸਪੀ
ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਤੇ ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਨੇ ਕਿਹਾ ਕਿ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਕਬਰ ਵਿੱਚੋਂ ਕਢਣੀ ਸ਼ੁਰੂ ਕੀਤੀ ਸੀ ਪਰ ਬਾਹਰ ਨਹੀਂ ਸੀ ਕੱਢੀ ਗਈ।