ਮੁੰਬਈ, 19 ਜੂਨ
ਫਿਲਮਾਂ ਨਾਲ ਸਬੰਧਤ ਵੱਖ ਵੱਖ ਸ਼ਖ਼ਸੀਅਤਾਂ ਨੇ ਉੱਡਣੇ ਸਿੱਖ ਮਿਲਖਾ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮਿਲਖਾ ਸਿੰਘ ਦਾ ਸ਼ੁੱਕਰਵਾਰ ਰਾਤ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਕਰੋਨਾ ਨਾਲ ਸਬੰਧਤ ਸਮੱਸਿਆਵਾਂ ਕਾਰਨ ਦੇਹਾਂਤ ਹੋ ਗਿਆ ਸੀ।
ਅਮਿਤਾਭ ਬੱਚਨ ਨੇ ਟਵਿੱਟਰ ’ਤੇ ਲਿਖਿਆ, ‘ਮੈਂ ਸੋਗ ਵਿੱਚ ਹਾਂ.. ਮਿਲਖਾ ਸਿੰਘ ਦਾ ਦੇਹਾਂਤ.. ਭਾਰਤ ਦਾ ਮਾਣ.. ਇੱਕ ਮਹਾਨ ਐਥਲੀਟ.. ਵੱਡਾ ਇਨਸਾਨ.. ਵਾਹਿਗੁਰੂ ਦੀ ਮੇਹਰ.. ਅਰਦਾਸਾਂ।’ ਸ਼ਾਹਰੁਖ ਖਾਨ ਨੇ ਟਵੀਟ ਕੀਤਾ, ‘ਉੱਡਣਾ ਸਿੱਖ ਭਾਵੇਂ ਸਰੀਰਕ ਤੌਰ ’ਤੇ ਹੁਣ ਸਾਡੇ ਨਾਲ ਨਹੀਂ ਹੋਣਗੇ ਪਰ ਉਨ੍ਹਾਂ ਦੀ ਮੌਜੂਦਗੀ ਹਮੇਸ਼ਾਂ ਮਹਿਸੂਸ ਕੀਤੀ ਜਾਵੇਗੀ। ਮੇਰੇ ਲਈ ਇੱਕ ਪ੍ਰੇਰਣਾ… ਲੱਖਾਂ ਲੋਕਾਂ ਲਈ ਪ੍ਰੇਰਣਾ ਮਿਲਖਾ ਸਿੰਘ ਸਰ। ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।’ ਅਨਿਲ ਕਪੂਰ ਨੇ ਮਿਲਖਾ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ‘ਮਿਲਖਾ ਸਿੰਘ ਜੀ ਨੇ ਸਾਡਾ ਆਪਣੇ ਘਰ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਪਿਆਰੀ ਪਤਨੀ ਨੇ ਮੈਨੂੰ ਕਦੇ ਨਾ ਭੁੱਲਣਯੋਗ ਆਲੂ ਦੇ ਪਰਾਂਠੇ ਖੁਆਏ। ਉਹ ਸੱਚਮੁੱਚ ਸ਼ਾਨਦਾਰ ਖਿਡਾਰੀ ਸੀ, ਵਿਲੱਖਣ ਮੇਜ਼ਬਾਨ ਅਤੇ ਸਭ ਤੋਂ ਵੱਧ ਸ਼ਾਨਦਾਰ ਮਨੁੱਖ।’ ਮਿਲਖਾ ਸਿੰਘ ਦੇ ਜੀਵਨ ’ਤੇ ਬਣੀ ਫਿਲਮ ‘ਭਾਗ ਮਿਲਖਾ ਭਾਗ’ ਵਿੱਚ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਫਰਹਾਨ ਅਖ਼ਤਰ ਨੇ ਇੰਸਟਾਗ੍ਰਾਮ ‘ਤੇ ਮਿਲਖਾ ਨਾਲ ਤਸਵੀਰ ਸਾਂਝੀ ਕੀਤੀ ਹੈ। ਅਦਾਕਾਰ ਨੇ ਨੋਟ ਲਿਖਦਿਆਂ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਮਿਲਖਾ ਸਿੰਘ ਇਸ ਸੰਸਾਰ ਵਿੱਚ ਨਹੀਂ ਹਨ। ਸੱਚ ਇਹ ਹੈ ਕਿ ਤੁਸੀਂ ਹਮੇਸ਼ਾਂ ਜਿਊਂਦੇ ਰਹੋਗੇ। ਤੁਸੀਂ ਇੱਕ ਸੁਫ਼ਨੇ ਦੀ ਨੁਮਾਇੰਦਗੀ ਕੀਤੀ, ਜਿਹੜਾ ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਸੱਚ ਹੋਇਆ।’
‘ਭਾਗ ਮਿਲਖਾ ਭਾਗ’ ਦਾ ਹਿੱਸਾ ਰਹੀ ਅਦਾਕਾਰਾ ਦਿੱਵਿਆ ਦੱਤਾ ਨੇ ਲਿਖਿਆ, ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ# ਮਿਲਖਾਸਿੰਘ ਜੀ! ਤੁਹਾਡੇ ਨਾਲ ਇੱਕ ਯੁੱਗ ਦਾ ਅੰਤ ਹੋ ਰਿਹਾ ਹੈ! ਤੁਹਾਡੇ ਨਾਲ ਮਿਲਣਾ, ਤੁਹਾਨੂੰ ਜਾਣਨਾ ਸਨਮਾਨ ਦੀ ਗੱਲ ਹੈ।’ ਫਿਲਮ ‘ਭਾਗ ਮਿਲਖਾ ਭਾਗ’ ਵਿੱਚ ਕੰਮ ਕਰਨ ਵਾਲੀ ਸੋਨਮ ਕਪੂਰ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਸ਼ਾਂਤੀ ’ਚ ਰਹੋ ਸਰ!’ ਇਸੇ ਤਰ੍ਹਾਂ ਅਦਾਕਾਰ ਮਹੇਸ਼ ਬਾਬੂ, ਤੇਲਗੂ ਅਦਾਕਾਰ ਆਧੀ ਨੇ ਵੀ ਮਿਲਖਾ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ। -ਆਈਏਐੱਨਐੱਸ