ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਮਈ
ਅਮਰੀਕਾ ਜਾ ਕੇ ਆਪਣਾ ਅਖਬਾਰ ਕੱਢਣ ਵਾਲੇ ਅਮੋਲਕ ਸਿੰਘ ਜੰਮੂ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਸਮਰਪਿਤ ‘ਅਮੋਲਕ ਹੀਰਾ’ ਨਾਮਕ ਪੁਸਤਕ ਇਥੇ ਪੰਜਾਬੀ ਯੂਨੀਵਰਸਿਟੀ ਵਿਚ ਰਿਲੀਜ਼ ਕੀਤੀ ਗਈ ਜਿਸ ਦੀ ਸੰਪਾਦਨਾ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਨੇ ਕੀਤੀ। ਇਸ ਮੌਕੇ ਪੁਸਤਕ ’ਤੇ ਵਿਚਾਰ ਗੋਸ਼ਟੀ ਵੀ ਹੋਈ।
ਇਸ ਪੁਸਤਕ ’ਚ ਜਿਥੇ ਅਮੋਲਕ ਸਿੰਘ (ਮਰਹੂਮ) ਦੀਆਂ ਲਿਖਤਾਂ ਹਨ, ਉਥੇ ਹੀ ਕਰਮਜੀਤ ਸਿੰਘ, ਗੁਰਦਿਆਲ ਬੱਲ, ਪ੍ਰ੍ਰਿੰਸੀਪਲ ਸਰਵਣ ਸਿੰਘ, ਪ੍ਰੋ. ਹਰਪਾਲ ਸਿੰਘ ਅਤੇ ਬੂਟਾ ਸਿੰਘ ਆਦਿ ਦੇ ਲੇਖ ਤੇ ਆਰਟੀਕਲ ਆਦਿ ਵੀ ਸ਼ਾਮਲ ਹਨ। ਇਸ ਪੁਸਤਕ ’ਚ ਆਨੰਦਪੁਰ ਦੇ ਮਤੇ ਤੋਂ ਲੈ ਕੇ ਸਿੱਖਾਂ ਦੇ ਰਾਜਨੀਤਕ ਸਫਰ ਸਮੇਤ ਪੰਜਾਬੀ ਸੱਭਿਆਚਾਰ ਦੀ ਮੌਲਿਕਤਾ, ਭਗਤ ਸਿੰਘ ਦੀ ਸ਼ਹਾਦਤ, ਡਾ.ਅੰਬੇਦਕਰ ਦੀ ਵਿਚਾਰਧਾਰਾ ਅਤੇ ਪੂੰਜੀਵਾਦੀ ਦੇ ਦੌਰ ’ਚ ਪੰਜਾਬ ਦੀ ਆਰਥਿਕ ਦਸ਼ਾ ਆਦਿ ਵੀ ਸ਼ਾਮਲ ਹਨ। ਸਮਾਗਮ ਦੀ ਪ੍ਰ੍ਰਧਾਨਗੀ ਕਰਦਿਆਂ ਉੱਘੇ ਸਾਹਿਤਕਾਰ ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਇਹ ਪੁਸਤਕ ਪੜ੍ਹ ਕੇ ਪੰਜਾਬ ਬਾਰੇ ਬਹੁਤ ਕੁਝ ਸਮਝਿਆ ਜਾ ਸਕਦਾ ਹੈ ਕਿਉਂਕਿ ਪੁਸਤਕ ਵਿਚ ਪੰਜ ਦਹਾਕਿਆਂ ਦੀ ਗਾਥਾ ਮੌਜੂਦ ਹੈ। ਇਹ ਨਵੇਂ ਸੰਵਾਦ ਨੂੰ ਵੀ ਥਾਂ ਦਿੰਦੀ ਹੈ।
ਸੁਰਿੰਦਰ ਸਿੰਘ ਤੇਜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਜਿਹੀ ਸਮੱਗਰੀ ਦੀ ਚੋਣ ਕੀਤੀ ਹੈ, ਜੋ ਇਤਿਹਾਸ ਨਾਲ ਵੀ ਜੁੜੀ ਹੋਵੇ ਅਤੇ ਨੌਜਵਾਨ ਪੀੜ੍ਹੀ ਦੇ ਕੰਮ ਵੀ ਆ ਸਕੇ। ਮੁੱਖ ਵਕਤਾ ਅਮਰਜੀਤ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਅਮੋਲਕ ਸਿੰਘ ਨੇ ਵਿਦੇਸ਼ੀ ਧਰਤੀ ’ਤੇ ਜਾ ਕੇ ਪੱਤਰਕਾਰੀ ਦੇ ਮਿਆਰ ਨੂੰ ਡਿੱਗਣ ਨਹੀਂ ਦਿੱਤਾ। ਪ੍ਰੋ. ਬਾਵਾ ਸਿੰਘ ਇਸ ਪੁਸਤਕ ਨੂੰ ਚਾਰ ਹਿੱਸਿਆਂ ’ਚ ਵੰਡਦੇ ਹਨ ਜਿਸ ’ਚ ਅਮਲੋਕ ਸਿੰਘ ਦੇ ਪਿੰਡ ਦਾ ਸਫਰ, ਚੰਡੀਗੜ੍ਹ ਜਾਣਾ, ਪੱਤਰਕਾਰੀ ਦਾ ਦੌਰ ਅਤੇ ਵਿਦੇਸ਼ ’ਚ ਪੱਤਰਕਾਰੀ। ਪ੍ਰੋ. ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਪੰਜਾਬ ’ਚ ਬਦਲਾਅ ਦੇ ਹੋਰ ਕਾਰਨ ਵੀ ਹੋਣਗੇ ਪਰ ਪੂੰਜੀਵਾਦ ਵੀ ਅਹਿਮ ਕਾਰਨ ਹੈ। ਪੱਤਰਕਾਰ ਜਸਵੀਰ ਸਮਰ ਦਾ ਕਹਿਣਾ ਸੀ ਕਿ ਪੰਜਾਬੀ ਟ੍ਰਿਬਿਊਨ ਅਜਿਹਾ ਅਦਾਰਾ ਹੈ, ਜਿਸ ’ਚ ਕੰਮ ਕਰਨ ਵਾਲੇ ਇਸ ਕਦਰ ਨਿਪੁੰਨ ਹੋ ਜਾਂਦੇ ਹਨ ਕਿ ਉਹ ਭਾਵੇਂ ਕਿਤੇ ਹੋਰ ਵੀ ਚਲੇ ਜਾਣ ਪਰ ਮਿਆਰ ਨਹੀਂ ਡਿੱਗਣ ਦਿੰਦੇ। ਇਸ ਅਖਬਾਰ ਨਾਲ ਜੁੜੇ ਰਹਿਣ ਮਗਰੋਂ ਵਿਦੇਸ਼ ਜਾ ਵਸੇ ਅਮਲੋਕ ਸਿੰਘ ਨੇ ਵਿਦੇਸ਼ੀ ਧਰਤੀ ’ਤੇ ਵੀ ਪੱਤਰਕਾਰੀ ਦਾ ਮਿਆਰ ਬਰਕਰਾਰ ਰੱਖਿਆ। ਇਸ ਸਮਾਗਮ ’ਚ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ.ਬਲਕਾਰ ਸਿੰਘ, ਅੰਗਰੇਜ਼ੀ ਵਿਭਾਗ ਦੇ ਰਿਸਰਚ ਸਕਾਲਰ ਹਰਵੀਰ ਸਿੰਘ, ਮਾਸਟਰ ਸਤਵੀਰ ਗਿੱਲ ਮੌਜੂਦ ਸਨ। ਇਸ ਮੌਕੇ ਡਾ. ਸੁਮਨਦੀਪ ਕੌਰ ਅਤੇ ਡਾ. ਗੌਰਵ ਸ਼ਰਮਾ ਹਾਜ਼ਰ ਸਨ।