ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਨਵੰਬਰ
ਗ਼ਦਰੀ ਬਾਬਿਆਂ ਦੇ ਮੇਲੇ ਵਿਚ ਕਿਤਾਬਾਂ ਦੇ ਸਟਾਲਾਂ ’ਤੇ ਸਭ ਤੋਂ ਵੱਧ ਰੌਣਕ ਰਹੀ। ਕਿਤਾਬਾਂ ਦੀ ਇਹ ਪ੍ਰਦਰਸ਼ਨੀ 30 ਅਕਤੂਬਰ ਤੋਂ ਹੀ ਸ਼ੁਰੂ ਹੋ ਗਈ ਸੀ। ਕਿਤਾਬਾਂ ਖ਼ਰੀਦਣ ਵਾਲਿਆਂ ਵਿਚ ਨੌਜਵਾਨ ਵਰਗ ਸਭ ਤੋਂ ਵੱਧ ਸੀ। ਭਾਸ਼ਾ ਵਿਭਾਗ ਪੰਜਾਬ ਦੇ ਸਟਾਲ ’ਤੇ ਵੀ ਕਿਤਾਬਾਂ ਖ਼ਰੀਦਣ ਵਾਲਿਆਂ ਦੀ ਭੀੜ ਲੱਗੀ ਰਹੀ। ਭਾਸ਼ਾ ਵਿਭਾਗ ਦੇ ਸਟਾਲ ’ਤੇ ਵਿੱਕਰੀ ਦੇਖ ਰਹੇ ਗਗਨਦੀਪ ਸਿੰਘ ਨੇ ਕਿਹਾ ਕਿ ਲੋਕਾਂ ਨੇ ਕਿਤਾਬਾਂ ਖ਼ਰੀਦਣ ਵਿਚ ਬਹੁਤ ਉਤਸ਼ਾਹ ਦਿਖਾਇਆ ਹੈ। ਮਹਾਨ ਕੋਸ਼ ਵਰਗੇ ਵੱਡੇ ਗ੍ਰੰਥ ਖ਼ਰੀਦਣ ਵਿਚ ਪੰਜਾਬੀ ਪ੍ਰੇਮੀਆਂ ਨੇ ਦਿਲਚਸਪੀ ਦਿਖਾਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਉਚੇਚੇ ਤੌਰ ’ਤੇ ਆਪਣਾ ਸਟਾਲ ਲਾਇਆ ਹੋਇਆ ਸੀ। ਜਿਥੇ ਉਨ੍ਹਾਂ ਦਾ ਸਟਾਲ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਦੇ ਅੰਦਰ ਸੀ, ਉੱਥੇ ’ਵਰਸਿਟੀ ਦੀ ਬਹੁ-ਚਰਚਿਤ ਪ੍ਰਦਰਸ਼ਨੀ ਵਾਲੀ ਬੱਸ ਵੀ ਸੜਕ ’ਤੇ ਖੜ੍ਹੀ ਸੀ ਜਿਥੋਂ ਲੋਕ ਕਿਤਾਬਾਂ ਖ਼ਰੀਦਣ ਨੂੰ ਤਰਜੀਹ ਦੇ ਰਹੇ ਸਨ। ਨਵਾਂ ਜ਼ਮਾਨਾ ਅਖ਼ਬਾਰ ਦੇ ਸਾਬਕਾ ਸਮਾਚਾਰ ਸੰਪਾਦਕ ਇੰਦਰਜੀਤ ਚੁਗਾਵਾਂ ਦੀ ਪਹਿਲੀ ਕਿਤਾਬ ‘ਕਿਵ ਕੂੜੈ ਤੁਟੇ ਪਾਲਿ’ ਹੱਥੋ-ਹੱਥ ਵਿਕ ਗਈ। ਗਿੱਦੜਬਾਹਾ ਤੋਂ ਆਏ ਆਜ਼ਾਦ ਪਬਲੀਕੇਸ਼ਨਜ਼ ਦੇ ਗੌਰਵ ਜੁੱਗੂ ਨੇ ਦੱਸਿਆ ਕਿ ਪਾਠਕਾਂ ਦਾ ਇਸ ਵਾਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੇ ਸਟਾਲ ਤੋਂ ਗ਼ਜ਼ਲ ਸੰਗ੍ਰਹਿ ਜ਼ਿਆਦਾ ਵਿਕੇ। ਇਨ੍ਹਾਂ ਵਿਚ ਸਾਬਰ ਅਲੀ ਸਾਬਰ, ਤਜੱਮੁਲ ਕਲੀਮ ਅਤੇ ਬਾਬਾ ਨਜ਼ਮੀ ਆਦਿ ਦੀਆਂ ਲਿਖਤਾਂ ਜ਼ਿਆਦਾ ਵਿਕੀਆਂ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਹਾਜ਼ਰੀ ਤੋਂ ਜਾਪਦਾ ਹੈ ਕਿ ਅੱਜ ਦੀ ਰਾਤ ਵੀ ਬੁੱਕ ਸਟਾਲਾਂ ’ਤੇ ਖੂਬ ਰੌਣਕਾਂ ਰਹਿਣਗੀਆਂ।
ਕੁਕਨਸ ਪ੍ਰਕਾਸ਼ਨ ਤੋਂ ਬਿਮਲ ਨੇ ਦੱਸਿਆ ਕਿ 30 ਅਕਤੂਬਰ ਤੋਂ ਹੀ ਲੋਕਾਂ ਨੇ ਕਿਤਾਬਾਂ ਖ਼ਰੀਦਣ ਵਿਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਅੱਜ ਮੇਲੇ ਦੇ ਆਖ਼ਰੀ ਦਿਨ ਲੋਕਾਂ ਦਾ ਰੁਝਾਨ ਵੱਧ ਦੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਲੱਗਣ ਵਾਲੇ ਪੁਸਤਕ ਮੇਲੇ ਦੀ ਉਡੀਕ ਹੁੰਦੀ ਹੈ ਤੇ ਇੱਥੋਂ ਲੋਕ ਹਰ ਤਰ੍ਹਾਂ ਦਾ ਸਾਹਿਤ ਖ਼ਰੀਦਦੇ ਹਨ।