ਰਵੇਲ ਸਿੰਘ ਭਿੰਡਰ
ਪਟਿਆਲਾ, 15 ਫਰਵਰੀ
ਭਾਸ਼ਾ ਵਿਭਾਗ ਪੰਜਾਬ ਨੇ ‘ਸਰਵੋਤਮ ਸਾਹਿਤਕ’ ਅਤੇ ‘ਵਧੀਆ ਛਪਾਈ ਪੁਰਸਕਾਰ’ ਲਈ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਪੁਸਤਕਾਂ ਦੇ ਲੇਖਕਾਂ ਤੋਂ ਪੁਸਤਕਾਂ ਸਣੇ ਅਰਜ਼ੀਆਂ ਮੰਗੀਆਂ ਹਨ ਜੋ ਸਾਲ 2020 ਦੌਰਾਨ ਛਪੀਆਂ ਹੋਣ। ਵਿਭਾਗ ਡਾਇਰੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸਬੰਧਿਤ 22 ਪੁਰਸਕਾਰ ਰੱਖੇ ਗਏ ਹਨ। ਇਸ ਤੋਂ ਇਲਾਵਾ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਸਾਲ 2020 ਦੌਰਾਨ ਛਪੀਆਂ ਵਧੀਆ ਪੁਸਤਕਾਂ ਦੇ ਪ੍ਰਕਾਸ਼ਕਾਂ ਤੇ ਛਾਪਕਾਂ ਨੂੰ ਵੀ ਵਧੀਆ ਛਪਾਈ ਪੁਰਸਕਾਰ ਦਿੱਤੇ ਜਾਣਗੇ।
‘ਸਰਵੋਤਮ ਸਾਹਿਤਕ ਪੁਰਸਕਾਰ’ ਮੁਕਾਬਲੇ ਲਈ ਪੰਜਾਬੀ ਵਿੱਚ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ ਕੋਸ਼ਕਾਰੀ), ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਬਿੰਧ/ਸਫ਼ਰਨਾਮਾ), ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ), ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ), ਤੇਜਾ ਸਿੰਘ ਪੁਰਸਕਾਰ (ਸੰਪਾਦਨ), ਐਮ.ਐਸ.ਰੰਧਾਵਾ ਪੁਰਸਕਾਰ (ਗਿਆਨ ਸਾਹਿਤ), ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਵਿਆਕਰਣ/ਭਾਸ਼ਾ ਵਿਗਿਆਨ/ਹਵਾਲਾ ਗ੍ਰੰਥ), ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ), ਡਾ.ਅਤਰ ਸਿੰਘ ਪੁਰਸਕਾਰ (ਆਲੋਚਨਾ), ਨਾਨਕ ਸਿੰਘ (ਨਾਵਲ) ਅਤੇ ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਦੇ 11 ਪੁਰਸਕਾਰਾਂ ਲਈ ਚਾਰ-ਚਾਰ ਪੁਸਤਕਾਂ ਮੰਗੀਆਂ ਗਈਆਂ ਹਨ। ਇਸੇ ਤਰ੍ਹਾਂ ਹਿੰਦੀ, ਉਰਦੂ ਤੇ ਸੰਸਕ੍ਰਿਤ ਲਈ ਵੀ ਪੁਸਤਕਾਂ ਮੰਗੀਆਂ ਗਈਆਂ ਹਨ। ਪੁਸਤਕਾਂ 30 ਅਪਰੈਲ ਤੱਕ ਡਾਇਰੈਕਟਰ, ਭਾਸ਼ਾ ਵਿਭਾਗ, ਪਟਿਆਲਾ ਨੂੰ ਭੇਜੀਆਂ ਜਾ ਸਕਦੀਆਂ ਹਨ।