ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 3 ਸਤੰਬਰ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਚ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਵੱਲੋਂ 5ਵੀਂ ਈਲਾਈਟ ਮੇਨ ਸੀਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਦੀ ਸ਼ੁਰੂਆਤ ਹੋ ਗਈ ਹੈ, ਜਿਸ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ ਵੱਲੋਂ ਕੀਤਾ ਗਿਆ। ਯੂਨੀਵਰਸਿਟੀ ਦੀ ਉਪ ਕੁਲਪਤੀ ਡਾ. ਸ਼ਾਲਿਨੀ ਗੁਪਤਾ ਅਤੇ ਕੁਲਪਤੀ ਡਾ. ਜੋਰਾ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਨੇ ਮੁੱਖ-ਮਹਿਮਾਨ ਦਾ ਸਨਮਾਨ ਕੀਤਾ। ਇਸ ਮੌਕੇ ਸ੍ਰੀ ਭਾਂਬਰੀ ਨੇ ਫ਼ਤਹਿਗੜ੍ਹ ਬਾਕਸਿੰਗ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜੇਸ਼ ਧਵਨ, ਕੌਮਾਂਤਰੀ ਮੁੱਕੇਬਾਜ਼ ਅਜੀਤ ਬਖਸ਼ੀ, ਰਵਿੰਦਰ ਸ਼ਾਹੀ, ਖ਼ਜ਼ਾਨਚੀ ਹਰਜਿੰਦਰ ਧੀਮਾਨ ਦਾ ਚੈਂਪੀਅਨਸ਼ਿਪ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਬਾਕਸਿੰਗ ਦਾ ਪਹਿਲਾ ਮੁਕਾਬਲਾ ਫਾਜ਼ਿਲਕਾ ਦੇ ਰਾਏ ਬਹਾਦੁਰ ਅਤੇ ਮਾਨਸਾ ਦੇ ਫਤਿਹ ਸਿੰਘ ਵਿਚਕਾਰ ਹੋਇਆ, ਜਿਸ ’ਚ ਫਤਿਹ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਜਦਕਿ ਦੂਸਰਾ ਮੁਕਾਬਲਾ ਪਟਿਆਲਾ-2 ਦੇ ਮਹੇਸ਼ ਕੁਮਾਰ ਅਤੇ ਮੁਕਤਸਰ ਦੇ ਬੂਸ਼ੀ ਨਾਲ ਹੋਇਆ, ਜਿਸ ਵਿਚ ਬੂਸ਼ੀ ਨੇ ਜਿੱਤ ਪ੍ਰਾਪਤ ਕੀਤੀ।
ਅਥਲੈਟਿਕਸ ਐਸੋਸੀਏਸ਼ਨ ਵੱਲੋਂ ਖੇਡ ਮੁਕਾਬਲੇ
ਐਸ.ਏ.ਐਸ.ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਮੁਹਾਲੀ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵਲੋਂ ਮੇਜਰ ਧਿਆਨ ਚੰਦ ਨੂੰ ਸਮਰਪਿਤ ਫੇਜ਼-8 ਦੇ ਅਥਲੈਟਿਕਸ ਮੈਦਾਨ ਵਿੱਚ ਖੇਡ ਮੁਕਾਬਲੇ ਕਰਾਏ ਗਏ, ਜਿਸ ਵਿੱਚ 160 ਅਥਲੀਟਾਂ ਨੇ ਭਾਗ ਲਿਆ। ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਐਸੋਸੀਏਸ਼ਨ ਦੇ ਸਕੱਤਰ ਸਵਰਨ ਸਿੰਘ ਨੇ ਮੇਜਰ ਧਿਆਨ ਚੰਦ ਦੇ ਜੀਵਨ ਸਬੰਧੀ ਸੰਖੇਪ ਜਾਣਕਾਰੀ ਦਿੱਤੀ।