ਗੁਰਦੀਪ ਸਿੰਘ ਲਾਲੀ/ਹਰਦੀਪ ਸਿੰਘ ਸੋਢੀ
ਸੰਗਰੂਰ/ਧੂਰੀ, 4 ਅਪਰੈਲ
ਧੂਰੀ ਸ਼ਹਿਰ ਨੇੜਲੇ ਪਿੰਡ ਧੂਰਾ ਦੇ ਇੱਕ ਨਿੱਜੀ ਸਕੂਲ ਵਿਚ ਬਾਰ੍ਹਵੀਂ ਕਲਾਸ ਦੇ ਤਿੰਨ ਵਿਦਿਆਰਥੀਆਂ ਵੱਲੋਂ ਪੰਜਵੀਂ ਕਲਾਸ ਦੇ 13 ਸਾਲਾ ਲੜਕੇ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚਾ ਹਸਪਤਾਲ ਦਾਖਲ ਹੈ ਤੇ ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਸਿਵਲ ਹਸਪਤਾਲ ’ਚ ਦਾਖਲ ਬੱਚੇ ਦੇ ਪਿਤਾ ਬਲਰਾਮ ਕੁਮਾਰ ਵਾਸੀ ਕੱਕੜਵਾਲ ਰੋਡ ਧੂਰੀ ਨੇ ਦੱਸਿਆ ਕਿ ਉਸ ਦਾ ਬੇਟਾ ਲੰਘੇ ਸ਼ੁੱਕਰਵਾਰ ਨੂੰ ਸਕੂਲ ਵਿੱਚ ਜਦੋਂ ਉਸ ਦਾ ਪੁੱਤਰ ਬਾਥਰੂਮ ਜਾ ਰਿਹਾ ਸੀ ਤਾਂ ਬਾਰ੍ਹਵੀਂ ਕਲਾਸ ਦੇ ਤਿੰਨ ਵਿਦਿਆਰਥੀਆਂ ਨੇ ਜਬਰੀ ਬਾਥਰੂਮ ਵਿੱਚ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਨੰਗਾ ਕਰਦਿਆਂ ਪੁੱਠਾ ਲਟਕਾ ਕੇ ਉਸ ਦੇ ਗੁਪਤ ਅੰਗਾਂ ਨੂੰ ਦਬਾਇਆ ਗਿਆ। ਦਰਦ ਨਾਲ ਪੀੜਤ ਉਸ ਦੇ ਪੁੱਤਰ ਨੇ ਘਰ ਆ ਕੇ ਆਪਣੀ ਮਾਤਾ ਨੂੰ ਘਟਨਾ ਬਾਰੇ ਦੱਸਿਆ। ਸ਼ਨਿਚਰਵਾਰ ਨੂੰ ਇੱਕ ਪ੍ਰਾਈਵੇਟ ਡਾਕਟਰ ਤੋਂ ਦਵਾਈ ਲਈ ਪਰ ਉਹ ਠੀਕ ਨਾ ਹੋਇਆ। ਅੱਜ ਉਸ ਸਿਵਲ ਹਸਪਤਾਲ ਧੂਰੀ ਲੈ ਕੇ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਸਿਵਲ ਹਸਪਤਾਲ ਸੰਗਰੂਰ ਰੈਫ਼ਰ ਕਰ ਦਿੱਤਾ। ਦੂੁਜੇ ਪਾਸੇ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਘਟਨਾ ਲਈ ਜਿੰਮੇਵਾਰ ਤਿੰਨੋਂ ਲੜਕਿਆਂ ਦੀ ਪਛਾਣ ਹੋ ਗਈ ਹੈ। ਥਾਣਾ ਸਦਰ ਪੁਲੀਸ ਧੂਰੀ ਦੇ ਇੰਚਾਰਜ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਪੀੜਤ ਬੱਚੇ ਦੇ ਬਿਆਨ ਦਰਜ ਕਰਨ ਮਗਰੋਂ ਕਾਰਵਾਈ ਕੀਤੀ ਜਾਵੇਗੀ।