ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਸਤੰਬਰ
ਲੋਕ ਇਨਸਾਫ਼ ਪਾਰਟੀ (ਲਿਪ) ਦੇ ਜ਼ਿਲ੍ਹਾ ਪ੍ਰਧਾਨ ਨੇ ਲਾਈਵ ਹੋ ਕੇ ਥਾਣਾ ਬਾਘਾਪੁਰਾਣਾ ਅੰਦਰ ਇੱਕ ਪ੍ਰੋਬੇਸ਼ਨਰ ਥਾਣੇਦਾਰ ਕੋਲੋਂ ਕਥਿਤ ਤੌਰ ’ਤੇ ਵੱਢੀ ਦੀ 20 ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਇਸ ਕਾਰਵਾਈ ਦੀ ਲਾਈਵ ਵੀਡੀਓ ਇੱਕ ਨਿੱਜੀ ਟੀਵੀ ਚੈੱਨਲ ’ਤੇ ਦਿਖਾਈ ਜਾ ਰਹੀ ਸੀ। ਬਾਘਾਪੁਰਾਣਾ ਦੇ ਕਾਰਜਕਾਰੀ ਡੀਐੱਸਪੀ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਗਿੱਲ ਸਮਾਧ ਭਾਈ ਨੇ ਦੱਸਿਆ ਕਿ ਬਾਘਾ ਪੁਰਾਣਾ ਪੁਲੀਸ ਨੇ 31 ਅਗਸਤ ਨੂੰ ਮਨਪ੍ਰੀਤ ਸਿੰਘ ਉਰਫ਼ ਹੀਪਾ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਖ਼ਿਲਾਫ਼ 190 ਨਸ਼ੀਲੀਆਂ ਗੋਲੀਆਂ ਦਾ ਕਥਿਤ ਝੂਠਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ 20 ਹਜ਼ਾਰ ਰੁਪਏ ਵੱਢੀ ਇਹ ਕਹਿ ਕੇ ਲਈ ਕਿ ਮੁਲਜ਼ਮ ਕੋਲੋਂ ਘੱਟ ਬਰਾਮਦਗੀ ਦਿਖਾਈ ਗਈ ਹੈ ਤਾਂ ਜੋ ਅਦਾਲਤ ’ਚੋਂ ਜਲਦੀ ਜ਼ਮਾਨਤ ਮਿਲ ਸਕੇ। ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਲਗਪਗ ਛੇ ਮਹੀਨੇ ਪਹਿਲਾਂ ਵੀ ਇਸ ਲੜਕੇ ਖ਼ਿਲਾਫ਼ ਕੇਸ ਦਰਜ ਕਰਕੇ ਪੁਲੀਸ ਨੇ ਕਥਿਤ ਤੌਰ ’ਤੇ ਇੱਕ ਲੱਖ ਰੁਪਏ ਦੀ ਵੱਢੀ ਲਈ ਸੀ ਅਤੇ ਹੁਣ ਵੀ ਇੱਕ ਲੱਖ ਦੀ ਵੱਢੀ ਮੰਗੀ ਗਈ ਸੀ ਪਰ ਵੱਢੀ ਨਾ ਦੇਣ ’ਤੇ ਗੋਲੀਆਂ ਦਾ ਝੂਠਾ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੇਸ ਦੇ ਮੁਲਜ਼ਮ ਮਨਪ੍ਰੀਤ ਸਿੰਘ ਦੇ ਭਰਾ ਅੰਮ੍ਰਿਤਪਾਲ ਸਿੰਘ ਕੋਲੋਂ ਲਏ ਵੱਢੀ ਦੇ 20 ਹਜ਼ਾਰ ਰੁਪਏ ਅੱਜ ਥਾਣੇਦਾਰ ਜਗਨਦੀਪ ਸਿੰਘ ਕੋਲੋਂ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਰਿਸ਼ਵਤ ਦੇਣ ਤੋਂ ਪਹਿਲਾਂ ਉਨ੍ਹਾਂ ਨੋਟਾਂ ਦੀ ਫੋਟੋਸਟੇਟ ਕਰਵਾ ਲਈ ਸੀ।