ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 21 ਮਈ
ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨੇ ਅੱਜ ਇੱਥੇ ਕਾਂਗਰਸ ਦਫ਼ਤਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਗੋਬਿੰਦਗੜ੍ਹ ਵਾਸੀਆਂ ਦੀ ਲੰਮੇ ਸਮੇਂ ਤੋਂ ਅੰਡਰ-ਓਵਰਬ੍ਰਿਜ ਦੀ ਲਟਕ ਰਹੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਕੀ ਨਗਰੀ ਇਲਾਕੇ ’ਚ ਇਸ ਪੁਲ ਦਾ 42 ਕਰੋੜ ਰੁਪਏ ਦੀ ਰਾਸ਼ੀ ਨਾਲ ਨਿਰਮਾਣ ਕੀਤਾ ਜਾਵੇਗਾ, ਜਿਸ ਦਾ ਟੈਂਡਰ ਲੱਗ ਚੁੱਕਿਆ ਹੈ ਤੇ ਅਕਤੂਬਰ ਮਹੀਨੇ ਪੁਲ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਨਵੀਂ ਬਣੀ ਕੌਂਸਲ ਨੇ ਪਹਿਲਾ ਮਤਾ ਹੀ ਰੇਲਵੇ ਅੰਡਰ-ਓਵਰਬ੍ਰਿਜ ਦੀ ਲਟਕ ਰਹੀ ਮੰਗ ਦਾ ਪਾਸ ਕੀਤਾ ਹੈ। ਇਸ ਪੁਲ ਦੇ ਬਣਨ ਨਾਲ ਜਿੱਥੇ ਸ਼ਹਿਰ ਵਾਸੀਆਂ ਦੀ ਸਮੱਸਿਆ ਹੱਲ ਹੋਵੇਗੀ ਉੱਥੇ ਹੀ ਦੂਰ-ਦੁਰਾਡੇ ਦੇ ਪਿੰਡਾਂ ਤੇ ਫ਼ਤਹਿਗੜ੍ਹ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਰਾਹਤ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਸਲਾਣੀ ਵਿੱਚ ਚੱਲ ਰਹੇ ਸਕਿੱਲ ਸੈਂਟਰ ਤੋਂ ਸਿਖਲਾਈ ਲੈਣ ਵਾਲੇ 162 ਵਿਦਿਆਰਥੀ ਨੌਕਰੀ ਲਈ ਚੁਣੇ ਜਾ ਚੁੱਕੇ ਹਨ।