ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਜੂਨ
ਬਰਤਾਨੀਆ ਦੇ ਭਾਰਤ ਵਿਚਲੇ ਹਾਈ ਕਮਿਸ਼ਨਰ ਅਲੈਂਗਜ਼ੈਂਡਰ ਏਲਿਸ ਨੇ ਇੱਥੇ ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ 13 ਅਪਰੈਲ 1919 ਨੂੰ ਵਾਪਰੇ ਸਾਕੇ ਨੂੰ ਸ਼ਰਮਨਾਕ ਕਾਰਾ ਆਖਦਿਆਂ ਇਸ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਰਤਾਨਵੀ ਹਾਈ ਕਮਿਸ਼ਨਰ ਅੰਮ੍ਰਿਤਸਰ ਵਿੱਚ ਦੋ ਰੋਜ਼ਾ ਦੌਰੇ ’ਤੇ ਆਏ ਸਨ, ਜਿਸ ਦੌਰਾਨ ਉਨ੍ਹਾਂ ਜੱਲ੍ਹਿਆਂਵਾਲਾ ਬਾਗ਼ ਦਾ ਵੀ ਦੌਰਾ ਕੀਤਾ। ਇਸ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਏ। ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਯਾਤਰੂ ਬੁੱਕ ’ਚ ਭਾਵਨਾਵਾਂ ਦਰਜ ਕਰਦਿਆਂ ਹਾਈ ਕਮਿਸ਼ਨਰ ਨੇ ਆਖਿਆ ਕਿ ਇਸ ਘਟਨਾ ਦਾ ਕਾਲਾ ਪਰਛਾਵਾਂ ਭਾਰਤ ਤੇ ਇੰਗਲੈਂਡ, ਦੋਵਾਂ ਦੇ ਇਤਿਹਾਸ ਦੇ ਪੰਨਿਆਂ ’ਤੇ ਲੰਮਾ ਸਮਾਂ ਦਰਜ ਰਹੇਗਾ। ਉਨ੍ਹਾਂ ਲਿਖਿਆ ਕਿ ਜੋ ਕੁਝ ਵਾਪਰਿਆ ਉਹ ਇੱਕ ਸ਼ਰਮਨਾਕ ਸੀ।