ਮੋਗਾ, 4 ਸਤੰਬਰ
ਇਥੇ ਕੋਟ ਈਸੇ ਖਾਂ ਵਿਖੇ ਲੰਘੀ ਦੇਰ ਰਾਤ ਨਕਾਬਪੋਸ਼ ਨੌਜਵਾਨਾਂ ਨੇ ਜਿੰਮ ਸੰਚਾਲਕ ਉੱਤੇ ਤੇਜ਼ਧਾਰ ਹਥਿਆਰਾਂ ਤੇ ਬੇਸਬਾਲ ਬੱਲਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਨੌਜਵਾਨ ਦੀਆਂ ਦੋਵਾਂ ਲੱਤਾਂ ਟੁੱਟ ਗਈਆਂ। ਹਮਲਾਵਰ ਤਾਬੜਤੋੜ ਹਵਾਈ ਫ਼ਾਇਰਿੰਗ ਕਰਦੇ ਫ਼ਰਾਰ ਹੋ ਗਏ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਜਾਨਲੇਵਾ ਅਤੇ ਹੋਰ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਿੰਮ ਸੰਚਾਲਕ ਨੌਜਵਾਨ ਕੁਲਵਿੰਦਰ ਸਿੰਘ ਮਾਨ ਦੀਆਂ ਲੱਤਾਂ ਦੀਆਂ ਟੁੱਟੀਆਂ ਹਨ ਪਰ ਕੋਈ ਗੋਲੀ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਹਵਾ ’ਚ ਗੋਲੀਆਂ ਚਲਾਈਆਂ ਸਨ। ਪਰਿਵਾਰਕ ਮੈਂਬਰਾਂ ਮੁਤਾਬਿਕ ਜਿੰਮ ਸੰਚਾਲਕ ਰਾਤ ਕਰੀਬ ਸਾਢੇ 8 ਵਜੇ ਆਪਣੇ ਘਰ ਕੋਲ ਪੁੱਜਾ ਤਾਂ ਚਿੱਟੀ ਸਕਾਰਪੀਓ ਵਿੱਚ ਆਏ ਨੌਜਵਾਨਾਂ ਨੇ ਧਾਵਾ ਬੋਲ ਦਿੱਤਾ। ਇਸ ਦੌਰਾਨ ਹਮਲਾਵਾਰਾਂ ਨੇ ਗੋਲੀਆਂ ਵੀ ਚਲਾਈਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁਲਵਿੰਦਰ ਸਿੰਘ ਮਾਨ ਉੱਤੇ ਵਾਰ ਕੀਤੇ। ਜਿੰਮ ਸੰਚਾਲਕ ਨੂੰ ਪਹਿਲਾਂ ਕਸਬੇ ਦੇ ਇੱਕ ਨਿੱਜੀ ਹਸੋਪਤਾਲ ਲਿਜਾਇਆ ਗਿਆ ਅਤੇ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।