ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਜਬਰ-ਜਨਾਹ ਮਾਮਲੇ ’ਚ ਅਦਾਲਤ ਵੱਲੋਂ ਭਗੌੜਾ ਐਲਾਨੇ ਗਏ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਾਬਕਾ ਵਿਧਾਇਕ ਦੇ ਇੱਕ ਭਰਾ ਕਰਮਜੀਤ ਸਿੰਘ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ, ਜਦਕਿ ਸਿਮਰਜੀਤ ਬੈਂਸ ਤੇ ਪਰਮਜੀਤ ਸਿੰਘ ਪੰਮਾ ਹਾਲੇ ਵੀ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਇਸ ਮਾਮਲੇ ’ਚ ਸੱਤ ਮੁਲਜ਼ਮਾਂ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੈ, ਜਿਨ੍ਹਾਂ ’ਚ ਦੋ ਔਰਤਾਂ, ਸਾਬਕਾ ਵਿਧਾਇਕ ਦੇ ਦੋ ਭਰਾ, ਨੇੜਲੇ ਸਾਥੀ ਅਤੇ ਪੀਏ ਸ਼ਾਮਲ ਹਨ। ਇਨ੍ਹਾਂ ਵਿੱਚੋਂ ਹਾਲੇ ਤੱਕ ਸਾਬਕਾ ਵਿਧਾਇਕ ਦੇ ਸਾਥੀ ਤੇ ਭਰਾ ਨੂੰ ਹੀ ਪੁਲੀਸ ਗ੍ਰਿਫ਼ਤਾਰ ਕਰ ਸਕੀ ਹੈ। ਚਰਚਾ ਹੈ ਕਿ ਸਿਮਰਜੀਤ ਬੈਂਸ ਤੇ ਪਰਮਜੀਤ ਪੰਮਾ ਵੀ ਆਤਮਸਮਰਪਣ ਕਰ ਸਕਦੇ ਹਨ, ਪਰ ਪਿਛਲੇ ਪੰਜ ਦਿਨਾਂ ਤੋਂ ਪੁਲੀਸ ਅਤੇ ਬੈਂਸ ਭਰਾਵਾਂ ਵਿਚਾਲੇ ਲੁਕਣ-ਮੀਟੀ ਦੀ ਖੇਡ ਚੱਲ ਰਹੀ ਹੈ।