ਪਾਲ ਸਿੰਘ ਨੌਲੀ
ਜਲੰਧਰ, 8 ਸਤੰਬਰ
ਕਰਤਾਰਪੁਰ ਲਾਂਘੇ ਨੇ 75 ਸਾਲ ਪਹਿਲਾਂ ਵੰਡ ਦੌਰਾਨ ਵਿਛੜੇ ਭੈਣ-ਭਰਾ ਨੂੰ ਮਿਲਾਇਆ ਹੈ। ਦੋਵਾਂ ਦੇ ਅੱਖਾਂ ਵਿੱਚ ਵੱਗਦੇ ਹੰਝੂਆਂ ਨੇ ਇਸ ਵਿਛੋੜੇ ਦੇ ਦਰਦ ਨੂੰ ਬਿਆਨ ਕੀਤਾ। ਚਾਰ ਦਿਨ ਪਹਿਲਾਂ ਇਹ ਭੈਣ-ਭਰਾ ਗੁਰਦੁਆਰਾ ਕਰਤਾਰਪੁਰ ਸਾਹਿਬ ਮਿਲੇ ਸਨ। ਪਾਕਿਸਤਾਨ ਦੇ ਪੱਤਰਕਾਰ ਗੁਲਾਮ ਅਬਾਸ ਸ਼ਾਹ ਨੇ ਇਸ ਭੈਣ-ਭਰਾ ਦੇ ਮਿਲਾਪ ਦੀ 17 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਅਮਰਜੀਤ ਸਿੰਘ ਦਾ ਪਿੰਡ ਪੱਬਵਾਂ (ਜਲੰਧਰ) ਦੱਸਿਆ ਜਾ ਰਿਹਾ ਹੈ। ਉਥੋਂ ਦੇ ਪੱਤਰਕਾਰ ਵੱਲੋਂ ਕੀਤੀ ਗੱਲਬਾਤ ਅਨੁਸਾਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਅਸਲੀ ਪਰਿਵਾਰ ਪਾਕਿਸਤਾਨ ਵਿਚ ਹੈ ਅਤੇ ਉਹ ਮੁਸਲਮਾਨ ਹੈ ਤਾਂ ਉਹ ਜਾਣ ਕੇ ਹੈਰਾਨ ਰਹਿ ਗਿਆ। ਉਸ ਦੀ ਭੈਣ ਕੁਲਸੂਮ ਅਖ਼ਤਰ ਦੱਸਦੀ ਹੈ ਕਿ ਉਸ ਦਾ ਭਰਾ ਸਿੱਖ ਹੈ ਕਿਉਂਕਿ ਉਸ ਨੂੰ ਇੱਕ ਸਿੱਖ ਪਰਿਵਾਰ ਨੇ ਗੋਦ ਲਿਆ ਸੀ। ਆਪਣੇ ਭਰਾ ਦਾ ਸਿਰ ਪਲੋਸਦੀ ਹੈ। ਇਹ ਦੋਵੇਂ ਭੈਣ-ਭਰਾ 1947 ਦੀ ਵੰਡ ਵੇਲੇ ਇੱਕ ਦੂਜੇ ਤੋਂ ਵੱਖ ਹੋ ਗਏ ਸਨ। ਕੁਲਸੂਮ ਦੇ ਅਨੁਸਾਰ ਉਹ ਪਾਕਿਸਤਾਨ ਵਿੱਚ ਪੈਦਾ ਹੋਈ ਸੀ ਪਰ ਉਸ ਦੀ ਮਾਂ ਅਕਸਰ ਭਾਰਤ ਵਿੱਚ ਰਹਿੰਦੇ ਉਸ ਦੇ ਭਰਾ ਅਤੇ ਭੈਣ ਦਾ ਜ਼ਿਕਰ ਕਰਦੀ ਰਹਿੰਦੀ ਸੀ।