ਜਗਤਾਰ ਿਸੰਘ ਲਾਂਬਾ
ਅੰਮ੍ਰਿਤਸਰ, 26 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਸੂਬੇ ਵਿੱਚ ਬੀਐੱਸਐੱਫ ਦੀਆਂ ਤਾਕਤਾਂ ਵਧਾਉਣ ਦੇ ਫੈਸਲੇ ਨੂੰ ਪੰਜਾਬ ਸਰਕਾਰ ਵੱਲੋਂ ਰੱਦ ਕਰਨ ਸਬੰਧੀ ਕੇਂਦਰ ਸਰਕਾਰ ਨੂੰ ਤੁਰੰਤ ਜਾਣੂ ਕਰਵਾਉਣ। ਸ੍ਰੀ ਬਾਦਲ ਅੱਜ ਇਥੇ ਅੰਮ੍ਰਿਤਸਰ ਵਿੱਚ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਮਿਲੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਤੋਂ ਆਸ ਰੱਖਦੇ ਹਨ ਕਿ ਉਹ ਬੀਐੱਸਐੱਫ ਦਾ ਅਧਿਕਾਰ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਤੱਕ ਵਧਾਉਣ ਦਾ ਫੈ਼ਸਲਾ ਸੂਬੇ ਨੂੰ ਪ੍ਰਵਾਨ ਨਾ ਹੋਣ ਦੀ ਗੱਲ ਕੇਂਦਰ ਨੂੰ ਠੋਕ ਕੇ ਦੱਸਣ। ਉਨ੍ਹਾਂ ਕਿਹਾ ਕਿ ਕੇਂਦਰ ਦਾ ਫੈਸਲਾ ਸੂਬੇ ਦੇ ਅਧਿਕਾਰਾਂ ’ਤੇ ਡਾਕਾ ਹੈ ਤੇ ਸੂਬੇ ਦੇ ਸੰਘੀ ਹੱਕਾਂ ’ਤੇ ਸੱਟ ਮਾਰਦਾ ਹੈ। ਇਸ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਫ਼ਸਲਾਂ ਦੇ ਖਰਾਬੇ ਦੇ ਮੁਆਵਜ਼ੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਲਈ 50 ਹਜ਼ਾਰ ਪ੍ਰਤੀ ਏਕੜ ਅਤੇ ਮਜ਼ਦੂਰਾਂ ਲਈ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਜਾਰੀ ਕਰੇ। ਉਨ੍ਹਾਂ ਆਖਿਆ ਕਿ ਗੁਲਾਬੀ ਸੁੰਡੀ ਕਾਰਨ ਪ੍ਰਭਾਵਿਤ ਹੋਈ ਨਰਮਾ ਫ਼ਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿੱਚ ਦੇਰੀ ਨਾ ਕੀਤੀ ਜਾਵੇ। ਇਸੇ ਤਰ੍ਹਾਂ ਗੜ੍ਹੇਮਾਰੀ ਤੇ ਭਾਰੀ ਬਰਸਾਤ ਨਾਲ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਵੀ 15 ਦਿਨਾਂ ਦੇ ਅੰਦਰ-ਅੰਦਰ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਪਹਿਲਾਂ ਵਪਾਰੀਆਂ ਤੇ ਉਦਯੋਗਪਤੀਆਂ ਤੋਂ ਇਲਾਵਾ ਡਾਕਟਰਾਂ ਸਮੇਤ ਹੋਰ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਵੇਂ ਉਨ੍ਹਾਂ ਦੀਆਂ ਲੋੜਾਂ ਪ੍ਰਤੀ ਸੰਜੀਦਾ ਨਹੀਂ ਹੈ। ਉਨ੍ਹਾਂ ਟਰਾਂਸਪੋਰਟਰਾਂ ਨਾਲ ਵੀ ਗੱਲਬਾਤ ਕੀਤੀ ਤੇ ਭਰੋਸਾ ਦਿੱਤਾ ਕਿ ਸੱਤਾ ਵਿਚ ਆਉਣ ’ਤੇ ਟਰਾਂਸਪੋਰਟ ਭਲਾਈ ਬੋਰਡ ਗਠਿਤ ਕੀਤਾ ਜਾਵੇਗਾ। ਟਰਾਂਸਪੋਰਟ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ।
ਕਿਸਾਨਾਂ ਵੱਲੋਂ ਸੁਖਬੀਰ ਦੀ ਰਾਜਪੁਰਾ ਫੇਰੀ ਦੇ ਵਿਰੋਧ ਦਾ ਐਲਾਨ
ਰਾਜਪੁਰਾ (ਪੱਤਰ ਪ੍ਰੇਰਕ): ਇੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਭਲਕੇ 27 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੀ ਰਾਜਪੁਰਾ ਫੇਰੀ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ। ਮਾਨ ਸਿੰਘ ਰਾਜਪੁਰਾ, ਹਰਜੀਤ ਸਿੰਘ ਟਹਿਲਪੁਰਾ ਅਤੇ ਮਨਜੀਤ ਸਿੰਘ ਘੁਮਾਣਾ ਨੇ ਕਿਹਾ ਕਿ ਕਿਸਾਨੀ ਲਈ ਮਾਰੂ ਸਿੱਧ ਹੋ ਰਹੇ ਖੇਤੀ ਕਾਨੂੰਨ ਬਣਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਭਾਜਪਾ ਦਾ ਭਾਈਵਾਲ ਰਿਹਾ ਹੈ। ਖੇਤੀ ਕਾਨੂੰਨ ਬਣਾਉਣ ਵਿੱਚ ਉਹ ਬਰਾਬਰ ਦਾ ਜ਼ਿੰਮੇਵਾਰ ਹੈ। ਇਸ ਲਈ ਉਹ ਭਾਜਪਾ ਆਗੂਆਂ ਵਾਂਗ 27 ਅਕਤੂਬਰ ਨੂੰ ਸੁਖਬੀਰ ਦੀ ਰਾਜਪੁਰਾ ਫੇਰੀ ਦਾ ਵਿਰੋਧ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਕਾਲੀ ਝੰਡੀਆਂ ਦਿਖਾ ਕੇ ਨਾਅਰੇਬਾਜ਼ੀ ਕੀਤੀ ਜਾਵੇਗੀ।