ਜਸਬੀਰ ਸਿੰਘ ਚਾਨਾ
ਫਗਵਾੜਾ, 27 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਥਾਨਕ ਰਿਜ਼ੌਰਟ ਵਿੱਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਬਹੁਜਨ ਸਮਾਜ ਪਾਰਟੀ ਦੇ ਪ੍ਰਬੰਧਕਾਂ ਨੇ ਆਪਣੇ ਹਿੱਤਾਂ ਦੀ ਖ਼ਾਤਰ ਪਾਰਟੀ ਨੂੰ ਅਕਾਲੀ ਦਲ ਕੋਲ ਵੇਚ ਦਿੱਤਾ ਹੈ ਜੋ ਦਲਿਤ ਸਮਾਜ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਜਿਸ ਸੁਪਨੇ ਨੂੰ ਲੈ ਕੇ ਬਾਬੂ ਕਾਂਸ਼ੀ ਰਾਮ ਨੇ ਇਹ ਪਾਰਟੀ ਬਣਾਈ ਸੀ, ਉਨ੍ਹਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਰਾਦਰੀ ਦੀ 35 ਫ਼ੀਸਦੀ ਵੋਟ ਨੂੰ ਇਨ੍ਹਾਂ ਸਿਰਫ਼ 20 ਸੀਟਾਂ ’ਤੇ ਹੀ ਅਕਾਲੀ ਦਲ ਕੋਲ ਵੇਚਿਆ ਹੈ, ਉਨ੍ਹਾਂ ’ਚੋਂ ਵੀ ਅਕਾਲੀ ਦਲ ਨੇ ਸੱਜੇ-ਖੱਬੇ ਦਰਵਾਜ਼ਿਆਂ ਰਾਹੀਂ ਆਪਣੇ ਹੀ ਲੋਕ ਇਨ੍ਹਾਂ ਸੀਟਾਂ ’ਤੇ ਖੜ੍ਹੇ ਕਰਵਾ ਦਿੱਤੇ ਹਨ ਜਦਕਿ ਬਸਪਾ ਦੇ ਪੱਲੇ ਸਿਰਫ਼ 8 ਤੋਂ 10 ਸੀਟਾਂ ਹੀ ਆਈਆਂ ਹਨ। ਉਨ੍ਹਾਂ ਆਪਣੀ ਸਰਕਾਰ ਦੀਆਂ 111 ਦਿਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੂਰੇ ਪੰਜ ਸਾਲ ਦਾ ਮੌਕਾ ਮਿਲੇ ਤਾਂ ਤੁਸੀਂ ਸੋਚੋ ਕਿ ਲੋਕਾਂ ਦੇ ਹੱਕ ’ਚ ਕਿੰਨੇ ਹੋਰ ਫ਼ੈਸਲੇ ਹੋਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਤੁਸੀਂ ਵਿਧਾਇਕ ਧਾਲੀਵਾਲ ਨੂੰ ਮੁੜ ਵਿਧਾਇਕ ਬਣਾ ਦਿਓ ਤੇ ਸਰਕਾਰ ਦੇ ਸੱਤਾ ’ਚ ਆਉਂਦਿਆਂ ਇਨ੍ਹਾਂ ਨੂੰ ਮੰਤਰੀ ਵੀ ਬਣਾਇਆ ਜਾਵੇਗਾ ਤੇ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ’ਚ ਵੀ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਕਾਲੇ ਅੰਗਰੇਜ਼ ਹਨ ਜਦਕਿ ਗੋਰੇ ਅੰਗੇਰਜ਼ਾਂ ਤੋਂ ਮਸਾਂ ਪਿੱਛਾ ਛੁਡਾਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਜ਼ਿਆਦਾ ਲੰਬਾ ਸਮਾਂ ਮਿਲੇਗਾ ਤਾਂ ਉਹ ਵੱਧ ਕੰਮ ਕਰਨਗੇ।
ਕਿਸੇ ਨਾ ਮਨਾਏ ਰੁੱਸੇ ਆਗੂ
ਮੁੱਖ ਮੰਤਰੀ ਚੰਨੀ ਨੇ ਭਾਵੇਂ ਵਿਧਾਇਕ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕੀਤਾ ਪਰ ਰਾਣਾ ਗੁਰਜੀਤ ਸਿੰਘ ਦੇ ਧੜੇ ਨਾਲ ਸਬੰਧਤ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ, ਦਲਜੀਤ ਰਾਜੂ ਦਰਵੇਸ਼ਪਿੰਡ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਬਲਬੀਰ ਰਾਣੀ ਸੋਢੀ ਇਸ ਸਮਾਗਮ ’ਚ ਸ਼ਾਮਲ ਵੀ ਨਹੀਂ ਹੋਏ। ਇਨ੍ਹਾਂ ਕਾਂਗਰਸੀਆਂ ਨੂੰ ਮਨਾਉਣ ਦਾ ਉਪਰਾਲਾ ਕਰਨ ਲਈ ਸ੍ਰੀ ਚੰਨੀ ਵੱਲੋਂ ਵੀ ਕੋਈ ਯਤਨ ਨਹੀਂ ਕੀਤੇ ਗਏ। ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ਪਿੰਡ ਨੇ ਦੱਸਿਆ ਕਿ ਇਸ ਰੈਲੀ ’ਚ ਪੁੱਜਣ ਦਾ ਉਨ੍ਹਾਂ ਨੂੰ ਕੋਈ ਸੱਦਾ ਹੀ ਨਹੀਂ ਸੀ।
ਚੰਨੀ ਨੇ ਹੋਰ ਪੰਜ ਸਾਲ ਮੰਗੇ
ਕੁਰਾਲੀ (ਪੱਤਰ ਪ੍ਰੇਰਕ): ਇੱਥੇ ਸਥਿਤ ਪਿੰਡ ਚਤਾਮਲਾ ਵਿੱਚ ਢੰਗਰਾਲੀ ਸਰਕਲ ਦੇ ਪਿੰਡਾਂ ਦਾ ਚੋਣ ਦਫ਼ਤਰ ਖੋਲ੍ਹਣ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪਿਛਲੇ ਕੁਝ ਮਹੀਨਿਆਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਪੰਜ ਸਾਲ ਦੀ ਹੋਰ ਸੇਵਾ ਦਾ ਮੌਕਾ ਦੇਣ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਮੁੜ ਪੰਜ ਸਾਲ ਕੰਮ ਕਰਨ ਦਾ ਮੌਕਾ ਦਿੱਤਾ ਤਾਂ ਪੰਜਾਬ ਵਿੱਚ ਹਰ ਪੱਖ ਤੋਂ ਕ੍ਰਾਂਤੀ ਲਿਆਂਦੀ ਜਾਵੇਗੀ। ਸ੍ਰੀ ਚੰਨੀ ਨੇ ਕਿਹਾ ਪਿੰਡਾਂ ਦੇ ਵਿਕਾਸ ਅਤੇ ਸਿੱਖਿਆ ਦੇ ਪਸਾਰੇ ਲਈ ਥੋੜੇ ਦਿਨਾਂ ਵਿੱਚ ਹੀ ਚੋਖਾ ਕੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਹਰ ਉਮੀਦ ’ਤੇ ਖਰਾ ਉਤਰਨਗੇ।