ਚਰਨਜੀਤ ਭੁੱਲਰ
ਚੰਡੀਗੜ੍ਹ, 28 ਜੂਨ
ਪੰਜਾਬ ਵਿਧਾਨ ਸਭਾ ’ਚ ਅੱਜ ਬਜਟ ’ਤੇ ਬਹਿਸ ਦੌਰਾਨ ਰੇਤ ਮਾਫੀਆ ਦੇ ਮੁੱਦੇ ਤੋਂ ਜੰਮ ਕੇ ਹੰਗਾਮਾ ਹੋਇਆ। ਹਾਕਮ ਧਿਰ ਨੇ ਕਾਂਗਰਸੀ ਰਾਜ ਭਾਗ ’ਚ ਰੇਤੇ ਦੀਆਂ ਖੱਡਾਂ ਦੀ ਹੋਈ ਲੁੱਟ ਨੂੰ ਉਛਾਲਿਆ ਜਦੋਂ ਕਿ ਵਿਰੋਧੀ ਧਿਰ ਨੇ ‘ਆਪ’ ਸਰਕਾਰ ਨੂੰ ਰੇਤੇ ਤੋਂ 20 ਹਜ਼ਾਰ ਕਰੋੜ ਦੀ ਕਮਾਈ ਕਰਨ ਦੀ ਚੁਣੌਤੀ ਦਿੱਤੀ। ਮਾਹੌਲ ਗਰਮਾਉਣ ਕਾਰਨ ਬਜਟ ’ਤੇ ਬਹਿਸ ਵੀ ਲੀਹੋਂ ਉਤਰ ਗਈ। ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਦੋਂ ਦਸ ਸਾਲਾਂ ਵਿਚ ਰੇਤੇ ਤੋਂ 1,083 ਕਰੋੜ ਦੀ ਆਮਦਨ ਅਤੇ ਲੰਘੇ ਪੰਜ ਸਾਲਾਂ ’ਚ ਰੇਤ ਬਜਰੀ ’ਚ 10 ਹਜ਼ਾਰ ਕਰੋੜ ਦੀ ਲੁੱਟ ਹੋਣ ਦੀ ਗੱਲ ਆਖੀ ਤਾਂ ਕਾਂਗਰਸੀ ਵਿਧਾਇਕ ਆਪੇ ਤੋਂ ਬਾਹਰ ਹੋ ਗਏ।
ਸਦਨ ’ਚ ਅੱਜ ਬਜਟ ’ਤੇ ਬਹਿਸ ਨੂੰ ਲੈ ਕੇ ਦੋ ਬੈਠਕਾਂ ਹੋਈਆਂ ਅਤੇ ਦੇਰ ਸ਼ਾਮ ਤੱਕ ਬਹਿਸ ਜਾਰੀ ਰਹੀ। ਭਲਕੇ 29 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਹਿਸ ’ਤੇ ਜੁਆਬ ਦੇਣਗੇ। ਜੀਐੱਸਟੀ ਕੌਂਸਲ ਦੀ ਮੀਟਿੰਗ ਦੇ ਰੁਝੇਵੇਂ ਕਰਕੇ ਵਿੱਤ ਮੰਤਰੀ ਚੀਮਾ ਸਦਨ ਚੋਂ ਪਹਿਲਾਂ ਹੀ ਚਲੇ ਗਏ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅੱਜ ਬਹਿਸ ਮੌਕੇ ਹੋਈ ਤਲਖ਼ੀ ਕਰਕੇ ਸਦਨ ਨੂੰ ਨਿਰਵਿਘਨ ਚਲਾਉਣ ਲਈ ਕਾਫ਼ੀ ਜੱਦੋਜਹਿਦ ਕਰਨੀ ਪਈ। ਅੱਜ ਕਰੀਬ 10 ਘੰਟੇ ਬਹਿਸ ਚੱਲੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਦਨ ਵਿੱਚ ਸੁਆਲਾਂ ਦੇ ਜੁਆਬ ਦਿੱਤੇ।
ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕਿਵੇਂ ਕਾਂਗਰਸੀ ਸਰਕਾਰ ਸਮੇਂ ਨਾਜਾਇਜ਼ ਖਣਨ ਲਈ ਨਿਯਮਾਂ ਵਿਚ ਸੋਧਾਂ ਅਤੇ ਪ੍ਰਵਾਨਗੀਆਂ ਦਿੱਤੀਆਂ ਗਈਆਂ ਅਤੇ ਕਿਵੇਂ ਖ਼ਜ਼ਾਨੇ ਨੂੰ ਲੁੱਟਿਆ ਜਾਂਦਾ ਰਿਹਾ। ਇਸ ਮੌਕੇ ਵਿਰੋਧੀ ਧਿਰ ਦੇ ਤੇਵਰ ਤਿੱਖੇ ਹੋ ਗਏ ਅਤੇ ਰੌਲਾ ਪੈ ਗਿਆ। ਖਣਨ ਮੰਤਰੀ ਬੈਂਸ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਰੇਤੇ ਬਜਰੀ ਦੀ ਆਮਦਨੀ ਤੋਂ ਮਿਹਣੋ-ਮਿਹਣੀ ਹੋਏ। ‘ਜਨਤਾ ਬਜਟ’ ’ਤੇ ਸ਼ੁਰੂ ਹੋਈ ਬਹਿਸ ’ਚ ਨਾਜਾਇਜ਼ ਖਣਨ ਦੀ ਸਿਆਸੀ ਧੂੜ ਉੱਡਦੀ ਰਹੀ।
ਬੈਂਸ ਨੇ ਕਿਹਾ ਕਿ 102 ਖੱਡਾਂ ਨੂੰ 7 ਬਲਾਕਾਂ ਵਿਚ ਤਬਦੀਲ ਕੀਤਾ ਗਿਆ ਅਤੇ ਆਰਬਿਟ੍ਰੇਸ਼ਨ ਵਿੱਚ ਪਏ 108 ਕਰੋੜ ਦੇ ਕੇਸਾਂ ਦੀ ਪੈਰਵੀ ਕਰਨ ਤੋਂ ਪਿਛਾਂਹ ਪੈਰ ਖਿੱਚੀ ਰੱਖੇ। ਜੁਆਬ ਵਿੱਚ ਵਿਧਾਇਕ ਸਰਕਾਰੀਆ ਨੇ ਕਿਹਾ ਕਿ ਕੇਜਰੀਵਾਲ ਨੇ ਰੇਤੇ ਬਜਰੀ ਤੋਂ 20 ਹਜ਼ਾਰ ਕਰੋੜ ਦੀ ਆਮਦਨ ਹੋਣ ਦੀ ਗੱਲ ਆਖੀ ਸੀ, ਹੁਣ ਤੁਸੀਂ ਕਰ ਕੇ ਦਿਖਾਓ। ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਚੁਣੌਤੀ ਦਿੱਤੀ ਕਿ ਜੇ ਸਰਕਾਰ 20 ਹਜ਼ਾਰ ਕਰੋੜ ਦੀ ਆਮਦਨੀ ਮਾਈਨਿੰਗ ਦਾ ਟੀਚਾ ਪੂਰਾ ਕਰ ਦਿਖਾਵੇ ਤਾਂ ਉਹ ਸਦਨ ਵਿੱਚ ਪੈਰ ਨਹੀਂ ਪਾਉਣਗੇ।
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਜਾਸਾਂਸੀ ਹਲਕੇ ਵਿੱਚ ਰੇਤ ਦੀਆਂ ਨਾਜਾਇਜ਼ ਖੱਡਾਂ ਚੱਲਣ ਦਾ ਮੁੱਦਾ ਚੁੱਕ ਲਿਆ ਜਿਸ ਮਗਰੋਂ ਸਰਕਾਰੀਆ ਨੇ ਧਾਲੀਵਾਲ ਦੇ ਹਲਕੇ ਅਜਨਾਲਾ ਵਿਚ ਖੱਡ ਚੱਲਦੀ ਹੋਣ ਦੀ ਗੱਲ ਆਖ ਦਿੱਤੀ। ਸਿੱਖਿਆ ਮੰਤਰੀ ਮੀਤ ਹੇਅਰ ਨੇ ਸਰਕਾਰੀਆਂ ਨੂੰ ਕਿਹਾ, ‘‘ਜੇ ਤੁਹਾਡੀ ਹਕੂਮਤ ਵਿੱਚ ਅਜਨਾਲੇ ਤੇ ਰਾਜਾਸਾਂਸੀ ਵਿੱਚ ਖੱਡਾਂ ਚੱਲੀਆਂ ਤਾਂ ਤੁਸੀਂ ਕਿਉਂ ਨਹੀਂ ਫੜੀਆਂ।’ ਬੈਂਸ ਨੇ ਜੁਆਬ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨੇ 18 ਖਣਨ ਅਧਿਕਾਰੀ ਮੁਅੱਤਲ ਕੀਤੇ ਹਨ ਅਤੇ ਖੱਡਾਂ ਤੋਂ ਇੱਕ ਲੱਖ ਮੀਟਰਕ ਟਨ ਰੇਤਾ ਕੱਢਣਾ ਸ਼ੁਰੂ ਕੀਤਾ ਹੈ ਜਦੋਂ ਕਿ ਕਾਂਗਰਸ ਦੇ ਰਾਜ ’ਚ ਰੋਜ਼ਾਨਾ 40 ਹਜ਼ਾਰ ਟਨ ਹੀ ਰੇਤਾ ਨਿਕਲਦਾ ਸੀ।
ਜਦੋਂ ਹਾਕਮ ਧਿਰ ਤਰਫ਼ੋਂ ਰੌਲਾ ਪੈਣ ਲੱਗਾ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਿੱਖੇ ਸੁਰ ਵਿਚ ਆਖਿਆ, ‘‘ਸਾਨੂੰ ਤੁਹਾਡਾ ਕੋਈ ਡਰ ਨਹੀਂ, ਬਜਟ ਦੀ ਬਹਿਸ ਨੂੰ ਹੋਰ ਪਾਸੇ ਨਾ ਪਾਵੋ।’’ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਖਲ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸੇ ਦੌਰਾਨ ਵਿਧਾਇਕ ਅਰੁਣਾ ਚੌਧਰੀ ਨੇ ਪਠਾਨਕੋਟ ਇਲਾਕੇ ਵਿਚ ਅੱਜ ਵੀ ਨਾਜਾਇਜ਼ ਮਾਈਨਿੰਗ ਹੋਣ ਦਾ ਮੁੱਦਾ ਚੁੱਕਦਿਆਂ ਆਖਿਆ, ‘‘ਸਬੂਤ ਮੇਰੇ ਕੋਲ ਹਨ, ਵੈਰੀਫਾਈ ਕਰਾ ਲਵੋ।’’ ਇਸ ’ਤੇ ਬੈਂਸ ਤਲਖ਼ੀ ਵਿੱਚ ਆ ਗਏ।
ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭੋਆ ਹਲਕੇ ਵਿਚ ਕਾਂਗਰਸੀ ਰਾਜ ਸਮੇਂ 24-24 ਘੰਟੇ ਨਾਜਾਇਜ਼ ਮਾਈਨਿੰਗ ਦੀ ਗੱਲ ਰੱਖੀ ਅਤੇ ਦੱਸਿਆ ਕਿ ਇਨ੍ਹਾਂ ਟਰਾਲਿਆਂ ਨੇ 19 ਜਾਨਾਂ ਵੀ ਲਈਆਂ। ਕਟਾਰੂਚੱਕ ਨੇ ਕਿਹਾ ਕਿ ਹੁਣ ‘ਆਪ’ ਸਰਕਾਰ ਨੇ ‘ਵੱਡੀ ਮੱਛੀ’ ਨੂੰ ਹੱਥ ਪਾਇਆ ਹੈ ਅਤੇ ਜਾਂਚ ਅੱਗੇ ਵਧੀ ਤਾਂ ਬਹੁਤ ਕੁਝ ਨਿਕਲੇਗਾ। ਸੁਜਾਨਪੁਰ ਤੋਂ ਕਾਂਗਰਸੀ ਵਿਧਾਇਕ ਨਰੇਸ਼ ਪੁਰੀ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਨੂੰ ਹੁਣ ‘ਆਪ’ ਸਰਕਾਰ ਕੰਟਰੋਲ ਕਰ ਲਵੇ। ਇਸ ਮੌਕੇ ਅਮਨ ਅਰੋੋੜਾ ਨੇ ਮਸ਼ਵਰਾ ਦਿੱਤਾ ਕਿ ਬਜਟ ’ਤੇ ਉਸਾਰੂ ਬਹਿਸ ਹੋਣੀ ਚਾਹੀਦੀ ਹੈ। ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਬਹਿਸ ’ਚ ਹਿੱਸਾ ਲੈਂਦਿਆ ਕਿਹਾ ਕਿ ਬਜਟ ਪੇਪਰ ਰਹਿਤ ਕਰਕੇ ਪੈਸੇ ਬਚਾਉਣ ਦੀ ਸਰਕਾਰ ਨੇ ਗੱਲ ਕੀਤੀ ਅਤੇ ਦੂਜੇ ਪਾਸੇ ਇੱਕੋ ਦਿਨ ’ਚ ਬਜਟ ਬਾਰੇ ਦੂਸਰੇ ਸੂਬਿਆਂ ਵਿਚ 42 ਲੱਖ ਦੇ ਇਸ਼ਤਿਹਾਰ ਜਾਰੀ ਕਰ ਦਿੱਤੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਬਜਟ ਦਿੱਲੀ ਤੋਂ ਬਣ ਕੇ ਆਇਆ ਹੈ। ਸਰਕਾਰ ਦਾ ਸ਼ਰਾਬ ਦਾ ਖੁੱਲ੍ਹਾ ਕੋਟਾ ਰੱਖ ਕੇ ਕਮਾਈ ਦੀ ਗੱਲ ਕਰ ਰਹੀ ਹੈ ਜਿਸ ਨਾਲ ਨਸ਼ੇ ਵਧਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਕਾਂਗਰਸ ਸਰਕਾਰ ਸਮੇਂ ਵੱਧ ਫੰਡ ਦਿੱਤੇ ਗਏ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ‘ਆਪ’ ਸਰਕਾਰ ਦੇ ਬਜਟ ਨੂੰ ਲੋਕ ਪੱਖੀ ਦੱਸਿਆ ਅਤੇ 300 ਯੂਨਿਟ ਮੁਫ਼ਤ ਬਿਜਲੀ ਨਾਲ ਪੰਜਾਬ ਦੇ ਹਰ ਪਰਿਵਾਰ ਨੂੰ ਫਾਇਦਾ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸ਼ਹੀਦ ਸੈਨਿਕਾਂ ਲਈ ਇੱਕ ਕਰੋੜ ਦੀ ਰਾਸ਼ੀ ਅਤੇ ਮਹਿਲਾਵਾਂ ਲਈ ਚੁੱਕੇ ਕਦਮ ਸ਼ਲਾਘਾਯੋਗ ਹਨ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਬਜਟ ਨੂੰ ਦਿਸ਼ਾਹੀਣ ਦੱਸਿਆ। ਵਿਧਾਇਕ ਪਰਗਟ ਸਿੰਘ ਨੇ ਬਹਿਸ ਮੌਕੇ ਕਿਹਾ ਕਿ ਇਹ ਬਜਟ ‘ਐਕਸਲ ਸ਼ੀਟ’ ਤੋਂ ਵੱਧ ਕੁਝ ਨਹੀਂ। ਬਦਲਾਅ ਵਾਲੀ ਗੱਲ ਕਿਤੇ ਨਜ਼ਰ ਨਹੀਂ ਆਈ। ਆਬਕਾਰੀ ਨੀਤੀ ਨੂੰ ਅੱਜ ਹਾਈ ਕੋਰਟ ਨੇ ਸਟੇਅ ਕਰ ਦਿੱਤਾ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਸਾਨ ਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ’ਤੇ ਪੀੜਤ ਪਰਿਵਾਰ ਨੂੰ ਸਹਾਇਤਾ ਰਾਸ਼ੀ ਦੇਣ ਲਈ ਇੱਕ ਨੀਤੀ ਲਿਆਉਣ ਦਾ ਮਸ਼ਵਰਾ ਦਿੱਤਾ। ਵਿਧਾਇਕ ਗੁਰਮੀਤ ਖੁੱਡੀਆ ਨੇ ਸਾਰੇ ਵਿਧਾਇਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਗੱਲ ਆਖਦਿਆਂ ਬਜਟ ਦੀ ਤਾਰੀਫ਼ ਕੀਤੀ।
ਵਿਧਾਇਕ ਦਿਨੇਸ਼ ਚੱਢਾ ਨੇ ਬਜਟ ਵਿਚ ਮੈਡੀਕਲ ਸਿੱਖਿਆ ਵਿਚ ਉਠਾਏ ਕਦਮਾਂ ਨੂੰ ਲਾਮਿਸਾਲ ਦੱਸਿਆ ਜਦੋਂ ਕਿ ਵਿਕਰਮਜੀਤ ਚੌਧਰੀ ਨੇ ਪਰਵਾਸੀ ਭਾਰਤੀਆਂ ਦੇ ਮਾਮਲੇ ’ਤੇ ਗੱਲ ਰੱਖੀ। ਪ੍ਰਿੰਸੀਪਲ ਬੁੱਧ ਰਾਮ ਨੇ ਬਜਟ ਦੀ ਸ਼ਲਾਘਾ ਕਰਦਿਆਂ ਜੈਪੁਰ ਤੋਂ ਸਰਕਾਰੀ ਬੱਸਾਂ ਦੀ ਬਾਡੀ ਲਵਾਏ ਜਾਣ ਦਾ ਮਸਲਾ ਚੁੱਕਿਆ ਅਤੇ ਇਸੇ ਤਰ੍ਹਾਂ ਅਨਾਜ ਮੰਡੀਆਂ ਵਿਚ ਲੇਬਰ ਤੇ ਟਰਾਂਸਪੋਰਟ ਦੇ ਠੇਕਿਆਂ ਵਿਚ ਹੋਈ ਲੁੱਟ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਬਹਿਸ ਦੌਰਾਨ ਵਿਧਾਇਕਾਂ ਬਲਜਿੰਦਰ ਕੌਰ ਤਲਵੰਡੀ ਸਾਬੋ ਨੇ ਕਾਂਗਰਸੀ ਰਾਜ ਭਾਗ ਦੌਰਾਨ ਹੋਏ ਘੁਟਾਲਿਆਂ ਦੀ ਗੱਲ ਕਰਦਿਆਂ ਕਿਹਾ ਕਿ ਉਦੋਂ ਦੀ ਹਕੂਮਤ ਕਲੀਨ ਚਿੱਟ ਦੇਣ ਵਿਚ ਢਿੱਲ ਨਹੀਂ ਕਰਦੀ ਸੀ ਜਦਕਿ ‘ਆਪ’ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਕੀਤਾ। ਉਨ੍ਹਾਂ ਸਿਹਤ ਵਿਭਾਗ ਵਿਚ ਹੋਏ ਘੁਟਾਲਿਆਂ ਦਾ ਮਸਲਾ ਵੀ ਰੱਖਿਆ। ਵਿਧਾਇਕ ਡਾ. ਸੁਖਵਿੰਦਰ ਸੁੱਖੀ ਵੱਲੋਂ ਦਿੱਲੀ ਦੇ ਸਿਹਤ ਢਾਂਚੇ ’ਤੇ ਉਂਗਲ ਉਠਾਏ ਜਾਣ ਅਤੇ ਆਕਸੀਜਨ ਦੇ ਲੰਗਰ ਹੋਣ ਦੀ ਗੱਲ ਆਖਣ ਤੋਂ ‘ਆਪ’ ਦੇ ਵਿਧਾਇਕ ਗਰਮੀ ਵਿਚ ਆ ਗਏ। ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸਿਹਤ ਬਜਟ ਸੁੰਗੜਿਆ ਹੈ ਅਤੇ ਕਾਂਗਰਸ ਸਰਕਾਰ ਸਮੇਂ ਸਿਹਤ ਵਿਭਾਗ ਹੋਏ ਘੁਟਾਲਿਆਂ ਦਾ ਜ਼ਿਕਰ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਸਰਕਾਰ ਦੀ ਨੀਅਤ ਸਾਫ਼ ਹੈ ਜਿਸ ਨਾਲ ਉਹ ਟੀਚੇ ਹਾਸਲ ਕਰ ਲੈਣਗੇ। ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜੇ ਪੰਜਾਬ ਦਾ ਸਿਹਤ ਢਾਂਚਾ ਪਹਿਲਾਂ ਠੀਕ ਹੁੰਦਾ ਤਾਂ ਲੀਡਰ ਇਲਾਜ ਕਰਾਉਣ ਵਿਦੇਸ਼ ਨਾ ਜਾਂਦੇ। ਇੰਦਰਬੀਰ ਸਿੰਘ ਨਿੱਝਰ ਅਤੇ ਬਸਪਾ ਦੇ ਡਾ. ਨਛੱਤਰ ਪਾਲ ਵੀ ਬਹਿਸ ਵਿਚ ਸ਼ਾਮਲ ਹੋਏ।
ਅੰਸਾਰੀ ਨੂੰ ਲੈ ਕੇ ਬੈਂਸ ਤੇ ਬਾਜਵਾ ਭਿੜੇ
ਜੇਲ੍ਹ ਮੰਤਰੀ ਹਰਜੋਤ ਬੈਂਸ ਅਤੇ ਪ੍ਰਤਾਪ ਸਿੰਘ ਬਾਜਵਾ ਅੱਜ ਯੂ.ਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਮਾਮਲੇ ’ਤੇ ਆਪਸ ਵਿਚ ਭਿੜ ਪਏ। ਜੇਲ੍ਹ ਮੰਤਰੀ ਬੈਂਸ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2 ਸਾਲ ਤਿੰਨ ਮਹੀਨੇ ਗੈਂਗਸਟਰ ਅੰਸਾਰੀ ਨੂੰ ਰੋਪੜ ਜੇਲ੍ਹ ਵਿਚ ਰੱਖਿਆ ਅਤੇ ਵੀਆਈਪੀ ਟਰੀਟਮੈਂਟ ਦਿੱਤਾ। ਉਸ ਨੂੰ ਰੋਪੜ ਜੇਲ੍ਹ ਵਿਚ ਰੱਖਣ ਲਈ ਸੁਪਰੀਮ ਕੋਰਟ ਤੱਕ ਕੇਸ ਲੜਿਆ ਅਤੇ ਸੀਨੀਅਰ ਵਕੀਲਾਂ ਦੀ ਫੀਸ 55 ਲੱਖ ਰੁਪਏ ਬਣੀ। ਜਦੋਂ ਬੈਂਸ ਨੇ ਅੰਸਾਰੀ ਦੇ ਨਾਲ ਜੇਲ੍ਹ ਵਿਚ ਉਸ ਦੀ ਪਤਨੀ ਨੂੰ ਰੱਖਣ ਦੀ ਸਹੂਲਤ ਦੇਣ ਦੀ ਗੱਲ ਆਖੀ ਤਾਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਮੰਤਰੀ ਨੂੰ ਇਹ ਗੱਲ ਸਾਬਤ ਕਰਨ ਦੀ ਚੁਣੌਤੀ ਦਿੱਤੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇ ਗੱਲ ਹੁਣ ਤਿਲਕੀ ਹੈ ਤਾਂ ਲਾਰੈਂਸ ਬਿਸ਼ਨੋਈ ਵੱਲ ਵੀ ਜਾਵੇਗੀ ਕਿ ਉਹ ਕਿਹੜੀ ਕਿਹੜੀ ਜੇਲ੍ਹ ਵਿਚ ਕੀ ਕੀ ਕਰਦਾ ਰਿਹਾ ਹੈ। ਬਾਜਵਾ ਨੇ ਬੈਂਸ ਨੂੰ ਇਹ ਵੀ ਕਿਹਾ, ‘‘ਤੁਸੀਂ ਅਸਤੀਫ਼ਾ ਦਿਓਗੇ? ਜੇ ਅੰਸਾਰੀ ਦੀ ਪਤਨੀ ਦੇ ਜੇਲ੍ਹ ਵਿਚ ਰਹਿਣ ਦਾ ਮਾਮਲਾ ਝੂਠਾ ਨਿਕਲਿਆ।’’ ਇਸ ਮਗਰੋਂ ਬੈਂਸ ਨੂੰ ਚੁੱਪ ਕਰਨਾ ਪਿਆ।
ਅਗਨੀਪਥ ਤੇ ਪੰਜਾਬ ’ਵਰਸਿਟੀ ਦੇ ਮੁੱਦੇ ’ਤੇ ਹੋਣਗੇ ਮਤੇ ਪੇਸ਼
ਪੰਜਾਬ ਵਿਧਾਨ ਸਭਾ ’ਚ ਕੇਂਦਰ ਸਰਕਾਰ ਦੀ ‘ਅਗਨੀਪਥ’ ਸਕੀਮ ਖ਼ਿਲਾਫ਼ ਮਤਾ ਲਿਆਂਦਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਅਤੇ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ 30 ਜੂਨ ਨੂੰ ਅਗਨੀਪਥ ਖ਼ਿਲਾਫ਼ ਮਤਾ ਪੇਸ਼ ਕੀਤਾ ਜਾਵੇਗਾ। ਸਿੱਖਿਆ ਮੰਤਰੀ ਮੀਤ ਹੇਅਰ ਨੇ ਵੀ ਅੱਜ ਪੰਜਾਬ ਵਰਸਿਟੀ ਨੂੰ ਕੇਂਦਰੀ ’ਵਰਸਿਟੀ ਵਿਚ ਤਬਦੀਲ ਕਰਨ ਦੀ ਤਜਵੀਜ਼ ਖ਼ਿਲਾਫ਼ ਆਵਾਜ਼ ਉਠਾਈ ਅਤੇ ਇਸ ਤਜਵੀਜ਼ ਖ਼ਿਲਾਫ਼ ਵੀ ਮਤਾ ਲਿਆਉਣ ਦੀ ਗੱਲ ਆਖੀ। ਅਗਨੀਪਥ ਤੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ’ਤੇ ਮਤਾ ਲਿਆਉਣ ਦੀ ਸਹਿਮਤੀ ਬਣੀ ਹੈ।
ਸੰਗਰੂਰ ਜ਼ਿਮਨੀ ਚੋਣ: ਮੀਤ ਹੇਅਰ ਤੇ ਵੜਿੰਗ ਭਿੜੇ
ਸੰਗਰੂਰ ਸੰਸਦੀ ਚੋਣ ਦੇ ਨਤੀਜੇ ਨੂੰ ਲੈ ਕੇ ਰਾਜਾ ਵੜਿੰਗ ਤੇ ਮੀਤ ਹੇਅਰ ਆਹਮੋ-ਸਾਹਮਣੇ ਹੋ ਗਏ। ਵੜਿੰਗ ਨੇ ਆਖ ਦਿੱਤਾ ਕਿ ਨਾਅਰਿਆਂ ਨਾਲ ਇਨਕਲਾਬ ਨਹੀਂ ਆਉਂਦਾ ਅਤੇ ਸੰਗਰੂਰ ਵਿੱਚ ਜਵਾਨੀ ਨੇ 80 ਵਰ੍ਹਿਆਂ ਦੇ ਸਿਮਰਨਜੀਤ ਸਿੰੰਘ ਮਾਨ ਨੂੰ ਜਿਤਾ ਦਿੱਤਾ ਹੈ। ਮੀਤ ਹੇਅਰ ਨੇ ਜੁਆਬੀ ਹੱਲੇ ’ਚ ਕਾਂਗਰਸ ਨੂੰ ਕਿਹਾ, ‘‘ਅਸੀਂ ਤਾਂ ਚੋਣ ਹਾਰੇ ਹਾਂ ਪਰ ਤੁਹਾਡਾ ਲੋਕਾਂ ਨੇ ਜਲੂਸ ਕੱਢਿਆ ਹੈ।’’