ਚਰਨਜੀਤ ਭੁੱਲਰ
ਚੰਡੀਗੜ੍ਹ, 10 ਨਵੰਬਰ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਕਿਹਾ ਕਿ ਬੀਤੇ ਵਰ੍ਹਿਆਂ ਦੌਰਾਨ ਬੱਸ ਮਾਫ਼ੀਆ ਨੇ ਸਰਕਾਰੀ ਖ਼ਜ਼ਾਨੇ ਨੂੰ 6580 ਕਰੋੜ ਦਾ ਰਗੜਾ ਲਾਇਆ ਹੈ ਤੇ ਇਸ ਸਬੰਧੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਘਪਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਰਾਜਾ ਵੜਿੰਗ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬੱਸ ਮਾਫ਼ੀਆ ਨੂੰ ਨੱਥ ਪਾਉਣ ਨਾਲ ਵਿਭਾਗ ਦੀ ਆਮਦਨੀ ਵਿੱਚ ਰੋਜ਼ਾਨਾ ਇੱਕ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਮੰਤਰੀ ਨੇ ਦੱਸਿਆ ਕਿ ਸਤੰਬਰ 2021 ਵਿੱਚ ਪੀਆਰਟੀਸੀ ਦੀ ਆਮਦਨ 39.01 ਕਰੋੜ ਰੁਪਏ ਤੇ ਪੰਜਾਬ ਰੋਡਵੇਜ਼ ਦੀ 34.15 ਕਰੋੜ ਰੁਪਏ ਸੀ, ਜੋ ਅਕਤੂਬਰ ਮਹੀਨੇ ਦੌਰਾਨ ਵੱਧ ਕੇ ਕ੍ਰਮਵਾਰ 54.74 ਕਰੋੜ ਤੇ 49.57 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕੁੱਲ 5220 ਦਿਨਾਂ ਦੀ ਰਾਸ਼ੀ ਕਰੀਬ 5200 ਕਰੋੜ ਰੁਪਏ ਬਣਦੀ ਹੈ, ਜੋ ਸਰਕਾਰੀ ਖ਼ਜ਼ਾਨੇ ਦੀ ਸ਼ਰ੍ਹੇਆਮ ਲੁੱਟ ਨੂੰ ਜ਼ਾਹਰ ਕਰਦੀ ਹੈ। ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਲੁੱਟ ਵਿੱਚ ਆਪਣਾ ਪੂਰਾ ਹਿੱਸਾ ਪਾਇਆ ਹੈ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੂਰਿਆਂ ਕਾਂਤ ਵੱਲੋਂ 2012 ’ਚ ਮਲਟੀਪਲ ਪਰਮਿਟਾਂ ਦੇ ਗ਼ੈਰਕਾਨੂੰਨੀ ਵਿਸਥਾਰ ਵਿਰੁੱਧ ਸੁਣਾਏ ਫ਼ੈਸਲੇ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਇਸ ਫ਼ੈਸਲੇ ਨੂੰ ਹੂਬਹੂ ਲਾਗੂ ਕਰਕੇ ਕਰੀਬ ਇਕ ਲੱਖ ਕਿੱਲੋਮੀਟਰ ਤੋਂ ਵੱਧ ਦੇ ਗ਼ੈਰਕਾਨੂੰਨੀ ਵਿਸਥਾਰ ਵਾਲੇ 680 ਮਲਟੀਪਲ ਪਰਮਿਟ ਰੱਦ ਕੀਤੇ ਗਏ ਹਨ, ਜਿਸ ਮਗਰੋਂ ਸੂਬਾ ਸਰਕਾਰ ਨੂੰ ਅਕਤੂਬਰ ਮਹੀਨੇ ਦੌਰਾਨ 42 ਰੁਪਏ ਪ੍ਰਤੀ ਕਿੱਲੋਮੀਟਰ ਦੇ ਹਿਸਾਬ ਨਾਲ ਕਰੀਬ 42 ਲੱਖ ਰੁਪਏ ਰੋਜ਼ਾਨਾ ਦਾ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਫ਼ੈਸਲਾ 2012 ’ਚ ਹੀ ਲਾਗੂ ਹੋ ਜਾਂਦਾ ਤਾਂ 9 ਵਰ੍ਹਿਆਂ ’ਚ ਸਰਕਾਰੀ ਖ਼ਜ਼ਾਨੇ ਨੂੰ 1380 ਕਰੋੜ ਰੁਪਏ ਦਾ ਲਾਭ ਮਿਲਣਾ ਸੀ।
ਵੜਿੰਗ ਨੇ ਦੱਸਿਆ ਕਿ ਹੁਣ ਤੱਕ ਬਿਨਾਂ ਟੈਕਸ ਭਰੇ ਚੱਲਣ ਵਾਲੀਆਂ, ਬਿਨਾਂ ਪਰਮਿਟ ਤੇ ਹੋਰ ਉਲੰਘਣਾਵਾਂ ਤਹਿਤ 304 ਬੱਸਾਂ ਜ਼ਬਤ ਕੀਤੀਆਂ ਗਈਆਂ ਹਨ, ਜਦਕਿ 64 ਬੱਸਾਂ ਦੇ ਚਲਾਨ ਕੱਟੇ ਗਏ ਹਨ, ਜਿਸ ਨਾਲ ਹੁਣ ਤੱਕ 7 ਕਰੋੜ ਰੁਪਏ ਦੀ ਟੈਕਸ ਵਸੂਲੀ ਹੋਈ ਹੈ।
ਜ਼ੀਰਕਪੁਰ ਵਿੱਚ ਅੱਧੀ ਰਾਤ ਨੂੰ ਕੀਤੀ ਬੱਸਾਂ ਦੀ ਜਾਂਚ; ਛੇ ਬੱਸਾਂ ਜ਼ਬਤ
ਜ਼ੀਰਕਪੁਰ (ਹਰਜੀਤ ਸਿੰਘ): ਟਰਾਂਸਪੋਰਟ ਮੰਤਰੀ ਨੇ ਬੀਤੀ ਦੇਰ ਰਾਤ ਜ਼ੀਰਕਪੁਰ ਵਿੱਚ ਮੈਕਡੌਨਲਡ ਚੌਕ ਕੋਲ ਨਾਕਾ ਲਾ ਕੇ ਚੰਡੀਗੜ੍ਹ ਅਤੇ ਮੁਹਾਲੀ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਵੱਲ ਜਾਣ ਵਾਲੀਆਂ ਲਗਜ਼ਰੀ ਬੱਸਾਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਨਾਕੇ ਦੌਰਾਨ ਬੱਸਾਂ ਦੇ ਪਰਮਿਟ ਅਤੇ ਹੋਰਨਾਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਸ ਬਾਰੇ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਿੱਜੀ ਬੱਸਾਂ ਦੇ ਪ੍ਰਬੰਧਕ ਟੈਕਸ ਚੋਰੀ ਕਰ ਰਹੇ ਹਨ। ਜਿਸ ਖ਼ਿਲਾਫ਼ ਕਾਰਵਾਈ ਕਰਦਿਆਂ ਲਗਾਏ ਗਏ ਨਾਕੇ ਦੌਰਾਨ ਕਰੀਬ ਅੱਧੀ ਦਰਜਨ ਬੱਸਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਸਵਾਰੀਆਂ ਨੂੰ ਉਨ੍ਹਾਂ ਦੇ ਠਿਕਾਣਿਆਂ ’ਤੇ ਪਹੁੰਚਾਉਣ ਮਗਰੋਂ ਕਬਜ਼ੇ ਵਿੱਚ ਲੈਣ ਦੀ ਹਦਾਇਤ ਕੀਤੀ ਗਈ। ਉਕਤ ਜਾਂਚ ਵਿੱਚ ਸਾਹਮਣੇ ਆਇਆ ਕਿ ਬੱਸਾਂ ਦੇ ਪ੍ਰਬੰਧਕ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਦੀ ਅਣਦੇਖੀ ਕਰਕੇ ਸਵਾਰੀਆਂ ਬਿਠਾ ਰਹੇ ਹਨ। ਟਰਾਂਸਪੋਰਟਰਾਂ ਨੇ ਹਰੇਕ ਰੂਟ ਦੀ ਵੱਖਰੇ ਤੌਰ ’ਤੇ ਪ੍ਰਵਾਨਗੀ ਨਹੀਂ ਲਈ ਸੀ ਤੇ ਬਣਦਾ ਟੈਕਸ ਵੀ ਨਹੀਂ ਸੀ ਭਰਿਆ।