ਸ਼ਗਨ ਕਟਾਰੀਆ
ਬਠਿੰਡਾ, 25 ਅਗਸਤ
ਤਨਖਾਹਾਂ ਨਾ ਮਿਲਣ ਤੋਂ ਖ਼ਫ਼ਾ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਵੱਲੋਂ ਅੱਜ ਇੱਥੇ ਬੱਸ ਅੱਡੇ ਦੇ ਗੇਟ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਪਹਿਲਾਂ ਪੱਕੀ ਨੌਕਰੀ ਵਾਲੇ ਮੁਲਾਜ਼ਮਾਂ ਨੇ ਗੇਟ ਰੈਲੀ ਕਰਕੇ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ ਤੇ ਮਗਰੋਂ ਠੇਕਾ ਮੁਲਾਜ਼ਮਾਂ ਨੇ ਬੱਸਾਂ ਰੋਕ ਕੇ ਅੱਡੇ ਦਾ ਗੇਟ ਬੰਦ ਕਰਕੇ ‘ਤਨਖਾਹ ਨਹੀਂ ਤਾਂ ਕੰਮ ਨਹੀਂ’ ਦੇ ਨਾਅਰੇ ਲਾਏ। ‘ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਡਿੱਪੂ ਬਠਿੰਡਾ ਦੇ ਪ੍ਰਧਾਨ ਸੰਦੀਪ ਗਰੇਵਾਲ, ਕੁਲਵੰਤ ਮਨੇਸ਼, ਰਵਿੰਦਰ ਬਰਾੜ, ਸਰਬਜੀਤ ਸਿੰਘ, ਕੁਲਦੀਪ ਬਾਦਲ, ਹਰਤਾਰ ਸ਼ਰਮਾ, ਮਨਪ੍ਰੀਤ ਹਾਕੂਵਾਲਾ, ਗਗਨਦੀਪ ਤੇ ਗੁਰਪ੍ਰੀਤ ਕਮਾਲੂ ਨੇ ਕਿਹਾ ਕਿ ਅੱਜ 25 ਤਰੀਕ ਹੋ ਗਈ ਹੈ, ਪਰ ਪੀਆਰਟੀਸੀ ਦੇ ਕਿਸੇ ਵੀ ਮੁਲਾਜ਼ਮ ਨੂੰ ਹਾਲੇ ਤੱਕ ਤਨਖਾਹ ਨਹੀਂ ਮਿਲੀ। ਉਨ੍ਹਾਂ ਖੁਲਾਸਾ ਕੀਤਾ ਕਿ ਰਾਜ ਸਰਕਾਰ ਔਰਤਾਂ ਦੇ ਮੁਫ਼ਤ ਸਫ਼ਰ ਦਾ ਕਰੀਬ ਢਾਈ ਸੌ ਕਰੋੜ ਰੁਪਏ ਦਾ ਬਕਾਇਆ ਪੀਆਰਟੀਸੀ ਨੂੰ ਨਹੀਂ ਦੇ ਰਹੀ, ਜਿਸ ਕਰਕੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਤਨਖਾਹ ਮਿਲਣ ਤੱਕ ਬੱਸਾਂ ਦਾ ਚੱਕਾ ਜਾਮ ਰੱਖਿਆ ਜਾਵੇਗਾ। ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰਦਰਸ਼ਨਕਾਰੀ ਆਗੂਆਂ ਨਾਲ ਗੱਲਬਾਤ ਕਰਦੇ ਇਹ ਭਰੋਸਾ ਦਿੱਤਾ ਗਿਆ ਕਿ 26 ਅਗਸਤ ਤੱਕ ਸਾਰੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਤਨਖਾਹਾਂ ਪਾ ਦਿੱਤੀਆਂ ਜਾਣਗੀਆਂ। ਇਸ ਭਰੋਸੇ ਮਗਰੋਂ ਹਾਲ ਦੀ ਘੜੀ ਯੂਨੀਅਨ ਵੱਲੋਂ ਧਰਨਾ ਚੁੱਕ ਦਿੱਤਾ ਗਿਆ ਹੈ।