ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਜੂਨ
ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਲਈ ਕੁੱਲ 45.30 ਫੀਸਦੀ ਵੋਟਿੰਗ ਹੋਈ ਹੈ। ਲੋਕ ਸਭਾ ਹਲਕੇ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਵੱਧ ਧੂਰੀ ਹਲਕੇ ਵਿੱਚ 48.26 ਫੀਸਦੀ ਅਤੇ ਬਰਨਾਲਾ ਹਲਕੇ ’ਚ ਸਭ ਤੋਂ ਘੱਟ 41.43 ਫੀਸਦੀ ਵੋਟਿੰਗ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਕਰੀਬ 12 ਘੰਟਿਆਂ ਬਾਅਦ ਅੱਜ ਸਵੇਰੇ ਦਿੱਤੀ ਗਈ।
ਰਿਟਰਨਿੰਗ ਅਫ਼ਸਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸੰਗਰੂਰ ਸੰਸਦੀ ਹਲਕੇ ’ਚ ਕੁੱਲ 45.30 ਫੀਸਦੀ ਵੋਟਿੰਗ ਹੋਈ ਹੈ। ਸੰਸਦੀ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ’ਚੋਂ ਹਲਕਾ ਲਹਿਰਾ ’ਚ 43.1 ਫੀਸਦੀ, ਹਲਕਾ ਦਿੜ੍ਹਬਾ ’ਚ 46.77 ਫੀਸਦੀ, ਹਲਕਾ ਸੁਨਾਮ ’ਚ 47.22 ਫੀਸਦੀ, ਹਲਕਾ ਭਦੌੜ ’ਚ 44.54 ਫੀਸਦੀ, ਹਲਕਾ ਬਰਨਾਲਾ ’ਚ 41.43 ਫੀਸਦੀ, ਹਲਕਾ ਮਹਿਲ ਕਲਾਂ ’ਚ 43.8 ਫੀਸਦੀ, ਹਲਕਾ ਮਾਲੇਰਕੋਟਲਾ ’ਚ 47.66 ਫੀਸਦੀ, ਹਲਕਾ ਧੂਰੀ ’ਚ 48.26 ਫੀਸਦੀ ਅਤੇ ਹਲਕਾ ਸੰਗਰੂਰ ’ਚ 44.96 ਫੀਸਦੀ ਵੋਟਿੰਗ ਹੋਈ। ਵੋਟਿੰਗ ਵਾਲੇ ਦਿਨ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਅਧੂਰੀ ਜਾਣਕਾਰੀ ਦਿੱਤੀ ਗਈ। ਸ਼ਾਮ 5 ਵਜੇ ਤੱਕ 36.4 ਫੀਸਦੀ ਵੋਟਾਂ ਪੈਣ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮਗਰੋਂ ਇੱਕ ਘੰਟਾ ਵੋਟਾਂ ਪਈਆਂ ਪਰ ਇਸ ਵੇਲੇ ਦੀ ਵੋਟ ਪ੍ਰਤੀਸ਼ਤਤਾ ਦੱਸਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 12 ਘੰਟਿਆਂ ਦਾ ਸਮਾਂ ਲਗਾ ਦਿੱਤਾ।