ਜਸਵੀਰ ਸਿੰਘ ਭੁੱਲਰ
ਦੋਦਾ, 7 ਨਵੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਹੱਕ ਵਿੱਚ ਪਿੰਡ ਗੁਰੂਸਰ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਉਮੀਦਵਾਰ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ’ਤੇ ਤਨਜ਼ ਕੱਸੇ ਅਤੇ ਕਿਹਾ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ, ਜੋ ਮੰਤਰੀ ਬਣਾਉਂਦੇ ਵੀ ਹਨ ਅਤੇ ਹਰਾਉਂਦੇ ਵੀ ਹਨ। ਮਾਨ ਨੇ ਆਖਿਆ, ‘‘ਬਠਿੰਡਾ ਦੇ ਲੋਕਾਂ ਨੇ ਵਿੱਤ ਮੰਤਰੀ ਨੂੰ ਨਕਾਰ ਦਿੱਤਾ ਸੀ। ਹੁਣ ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਹਿ ਰਹੇ ਹਨ ਕਿ ਉਹ 13 ਸਾਲਾਂ ਦਾ ਬਨਵਾਸ ਕੱਟ ਕੇ ਆਏ ਹਨ ਤੇ ਹੁਣ ਗਿੱਦੜਬਹਾ ਦੇ ਲੋਕਾਂ ਨੂੰ ਛੱਡ ਕੇ ਨਹੀਂ ਜਾਣਗੇ।’’ ਆਪ’ ਵੱਲੋਂ ਗੁਰੂਸਰ ਦੇ ਇੰਚਾਰਜ ਲਾਏ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਢਾਈ ਸਾਲ ਰਹੇ ਵਿਧਾਇਕ ਰਾਜਾ ਵੜਿੰਗ ਨੇ ਵਿਧਾਨ ਸਭਾ ’ਚ ਹਲਕਾ ਗਿੱਦੜਬਾਹਾ ਲਈ ਕੋਈ ਵੀ ਮੰਗ ਜਾਂ ਸਮੱਸਿਆ ਪੇਸ਼ ਨਹੀਂ ਕੀਤੀ।ਉਨ੍ਹਾਂ ਨੇ ਕਿਹਾ ਕਿ ਹਲਕੇ ਵਿਚ 200 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਡਿੰਪੀ ਢਿੱਲੋੋਂ ਨੇ ਕਿਹਾ, ‘‘ਤੁਸੀਂ ਮੈਨੂੰ ਇਕ ਮੌਕਾ ਦਿਓ ਅਸੀਂ ਤੁਹਾਨੂੰ ਦੋ ਸਾਲਾਂ ਵਿਚ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨਾਲੋਂ ਵੱਧ ਕੰਮ ਕਰਕੇ ਵਿਖਾਂਵਾਂਗੇ।’’
ਸਾਡੇ ਕੋਲ 250 ਕਰੋੜ ਦੇ ਕੰਮਾਂ ਦੀ ਮੰਗ ਪਹਿਲੇ ਦਿਨ ਹੀ ਆਈ: ਅਮਨ ਅਰੋੜਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਨੂੰ ਪਹਿਲੇ ਦਿਨ ਹੀ ਇਥੇ ਆ ਕੇ ਪਤਾ ਲੱਗਾ ਕਿ ਹਲਕੇ ਲੋਕ ਬੁਨਿਆਦੀ ਸਹੂਲਤਾਂ ਵੀ ਸੱਖਣੇ ਹਨ। ਉਨ੍ਹਾਂ ਰਾਜਾ ਵੜਿੰਗ ’ਤੇ ਤਨਜ਼ ਕੱਸਦਿਆਂ ਕਿਹਾ ਕਿ ਹੁਣ ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਵੜਿੰਗ ਉਨ੍ਹਾਂ ਨੂੰ ਮੁਕਤਸਰ, ਲੁਧਿਆਣਾ, ਚੰਡੀਗੜ੍ਹ ਜਾਂ ਦਿੱਲੀ ’ਚ ਜਾਂ ਕਿਤੇ ਹੋਰ ਮਿਲਣਗੇ।