ਲਖਵੀਰ ਸਿੰਘ ਚੀਮਾ/ਪਰਸ਼ੋਤਮ ਬੱਲੀ
ਮਹਿਲ ਕਲਾਂ/ਬਰਨਾਲਾ, 2 ਨਵੰਬਰ
ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ, ਡੀਏਪੀ ਦੀ ਘਾਟ ਅਤੇ ਪਰਾਲੀ ਦੇ ਮੁੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦੇ ਘਰਾਂ ਅੱਗੇ ਤਿੰਨ ਨਵੰਬਰ ਤੋਂ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕਿਸਾਨ ਜਥੇਬੰਦੀ ਨੇ ਹਲਕੇ ਦੇ ਪਿੰਡ ਚੀਮਾ ਵਿੱਚ ਸੂਬਾ ਪੱਧਰੀ ਮੀਟਿੰਗ ਉਪਰੰਤ ਕੀਤਾ। ਇਸ ਸਬੰਧੀ ਬਰਨਾਲੇਵਿੱਚ ਵੀ ਨਿੱਜੀ ਰੈਸਟੋਰੈਂਟ ਵਿੱਚ ਕਾਨਫਰੰਸ ਵੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਕਿਸਾਨੀ ਨਾਲ ਸਬੰਧਤ ਤਿੰਨੇ ਮੁੱਦਿਆਂ ’ਤੇ 16 ਦਿਨਾਂ ਤੋਂ 52 ਪੱਕੇ ਮੋਰਚੇ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਸਾਰੇ ਸਿਆਸੀ ਨੇਤਾਵਾਂ ਦੇ ਘਰਾਂ ਤੋਂ ਮੋਰਚੇ ਖ਼ਤਮ ਕਰਕੇ ਤਿੰਨ ਨਵੰਬਰ ਤੋਂ ਚਾਰੇ ਜ਼ਿਮਨੀ ਚੋਣ ਹਲਕਿਆਂ ਦੇ ‘ਆਪ’ ਤੇ ਭਾਜਪਾ ਉਮੀਦਵਾਰਾਂ ਦੇ ਘਰਾਂ ਜਾਂ ਦਫ਼ਤਰਾਂ ਅੱਗੇ ਕੇਂਦਰਿਤ ਕੀਤੇ ਜਾਣਗੇ। ਪਿੰਡਾਂ ਵਿੱਚ ਪ੍ਰਚਾਰ ਕਰਨ ’ਤੇ ਵੀ ਇਨ੍ਹਾਂ ਦੇ ਵਿਰੋਧ ਅਤੇ ਘਿਰਾਉ ਕੀਤੇ ਜਾਣਗੇ, ਜਦਕਿ ਟੌਲ ਪਲਾਜ਼ਿਆਂ ’ਤੇ ਧਰਨੇ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਬਰਨਾਲਾ ਵਿੱਚ ‘ਆਪ’ ਉਮੀਦਵਾਰ ਦਾ ਘਰ ਨਾ ਹੋਣ ਕਾਰਨ ਇਹ ਮੋਰਚਾ ਸੰਸਦ ਮੈਂਬਰ ਮੀਤ ਹੇਅਰ ਦੇ ਘਰ ਅੱਗੇ ਰਹੇਗਾ। ਆਗੂਆਂ ਕਿਹਾ ਕਿ ਝੋਨੇ ਦੀ ਖ਼ਰੀਦ ਨਾ ਹੋਣ ਅਤੇ ਡੀਏਪੀ ਦੀ ਘਾਟ ਲਈ ਕੇਂਦਰ ਅਤੇ ਸੂਬਾ ਦੋਵੇਂ ਸਰਕਾਰਾਂ ਜ਼ਿੰਮੇਵਾਰ ਹਨ। ਕਿਸਾਨਾਂ ਦੀ ਮਜਬੂਰੀ ਦਾ ਨਾਜਾਇਜ਼ ਲਾਹਾ ਲੈ ਕੇ ਵੱਧ ਨਮੀ ਦੇ ਬਹਾਨੇ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀ ਮਿਲੀਭੁਗਤ ਰਾਹੀਂ ਪ੍ਰਤੀ ਕੁਇੰਟਲ ਕਟੌਤੀ ਕੀਤੀ ਜਾ ਰਹੀ ਹੈ।