* 244 ਪੋਲਿੰਗ ਬੂਥ ਸੰਵੇਦਨਸ਼ੀਲ ਐਲਾਨੇ
* ਚੋਣ ਅਮਲਾ ਸਮੱਗਰੀ ਲੈ ਕੇ ਪੋਲਿੰਗ ਸਟੇਸ਼ਨਾਂ ’ਤੇ ਪੁੱਜਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 19 ਨਵੰਬਰ
ਪੰਜਾਬ ਵਿਚਲੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਬੁੱਧਵਾਰ ਨੂੰ ਪੈਣ ਵਾਲੀਆਂ ਵੋਟਾਂ ਵਾਸਤੇ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗਾ। ਇਨ੍ਹਾਂ ਜ਼ਿਮਨੀ ਚੋਣਾਂ ਲਈ ਵਿਧਾਨ ਸਭਾ ਹਲਕਾ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ 831 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ’ਤੇ ਪੋਲਿੰਗ ਅਮਲੇ ਦੇ 3868 ਮੈਂਬਰ ਅੱਜ ਪੁੱਜ ਗਏ ਹਨ। ਅੱਜ ਦੁਪਹਿਰ ਵੇਲੇ ਚੋਣ ਅਮਲਾ ਪੋਲਿੰਗ ਸਟੇਸ਼ਨਾਂ ਲਈ ਚੋਣ ਸਮੱਗਰੀ ਲੈ ਕੇ ਰਵਾਨਾ ਹੋਇਆ। ਚੋਣ ਮੈਦਾਨ ਵਿੱਚ ਕੁੱਦੇ ਉਮੀਦਵਾਰਾਂ ਦੀ ਕਿਸਮਤ ਭਲਕੇ ਈਵੀਐੱਮਜ਼ ਵਿੱਚ ਬੰਦ ਹੋਵੇਗੀ।
ਇਨ੍ਹਾਂ ਜ਼ਿਮਨੀ ਚੋਣਾਂ ਲਈ ਨੀਮ ਫੌਜੀ ਬਲਾਂ ਦੀਆਂ 17 ਕੰਪਨੀਆਂ ਤੋਂ ਇਲਾਵਾ ਪੰਜਾਬ ਪੁਲੀਸ ਦੇ 6481 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਜ਼ਿਮਨੀ ਚੋਣਾਂ ਪ੍ਰਮੁੱਖ ਸਿਆਸੀ ਧਿਰਾਂ ਲਈ ਕਾਫੀ ਅਹਿਮੀਅਤ ਰੱਖਦੀਆਂ ਹਨ ਕਿਉਂਕਿ ਇਹ ਇੱਕ ਸਿਆਸੀ ਪਰਖ ਵੀ ਬਣਨਗੀਆਂ। ਚਾਰ ਹਲਕਿਆਂ ਤੋਂ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਬੁੱਧਵਾਰ ਨੂੰ ਕੁੱਲ 6,96,965 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵੋਟਰਾਂ ਵਿੱਚ 3968 ਸਰਵਿਸ ਵੋਟਰ ਅਤੇ 41 ਐੱਨਆਰਆਈ ਵੋਟਰ ਵੀ ਸ਼ਾਮਲ ਹਨ। 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 6459 ਹੈ।
ਸਿਆਸੀ ਧਿਰਾਂ ਨੇ ਅੱਜ ਸ਼ਾਮ ਸਮੇਂ ਪੋਲਿੰਗ ਸਟੇਸ਼ਨਾਂ ਦੇ ਬਾਹਰ ਆਪਣੇ ਪੋਲਿੰਗ ਬੂਥ ਲਗਾ ਲਏ। ਚਾਰੋਂ ਹਲਕਿਆਂ ਵਿੱਚ 244 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਐਲਾਨੇ ਗਏ ਹਨ ਅਤੇ ਸਭ ਤੋਂ ਵੱਧ ਗਿੱਦੜਬਾਹਾ ਵਿੱਚ 96 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਐਲਾਨੇ ਗਏ ਹਨ। ਚੋਣ ਪ੍ਰਚਾਰ ਬੰਦ ਹੋਣ ਮਗਰੋਂ ਚਾਰੋਂ ਹਲਕਿਆਂ ਦੇ ਉਮੀਦਵਾਰਾਂ ਨੇ ਅੱਜ ਵੋਟਰਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕੀਤਾ। ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਵੋਟਰਾਂ ਦੀ ਖ਼ਰੀਦ-ਫ਼ਰੋਖ਼ਤ ਅਤੇ ਨਸ਼ੇ ਵੰਡਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਡੇਰਾ ਬਾਬਾ ਨਾਨਕ ਹਲਕੇ ਵਿੱਚ ਕਾਂਗਰਸੀ ਆਗੂ ਉਦੈਵੀਰ ਸਿੰਘ ਰੰਧਾਵਾ ਨੇ ਰਾਤ ਦੋ ਟਰੱਕ ਫੜੇ ਹਨ, ਜਿਨ੍ਹਾਂ ਵਿੱਚ ਸ਼ਰਾਬ ਲੱਦੀ ਹੋਈ ਸੀ। ਕਾਂਗਰਸੀ ਆਗੂਆਂ ਨੇ ਇਹ ਟਰੱਕ ਪੁਲੀਸ ਹਵਾਲੇ ਕਰ ਦਿੱਤੇ ਹਨ। ਆਗੂਆਂ ਨੇ ਟਰੱਕ ਡਰਾਈਵਰ ਦੇ ਹਵਾਲੇ ਨਾਲ ਕਿਹਾ ਕਿ ਇਹ ਸ਼ਰਾਬ ਅਜਨਾਲਾ ਤੋਂ ਲੋਡ ਕੀਤੀ ਗਈ ਸੀ। ਹਲਕਾ ਗਿੱਦੜਬਾਹਾ ਵਿੱਚ ਦੋ ਦਿਨਾਂ ਦੌਰਾਨ ਦੋ ਵਿਅਕਤੀਆਂ ਤੋਂ ਤਿੰਨ ਲੱਖ ਰੁਪਏ ਦੀ ਨਗਦੀ ਫੜੀ ਗਈ ਹੈ। ਹਲਕਾ ਗਿੱਦੜਬਾਹਾ ਵਿੱਚ ਵੋਟਰਾਂ ਦੀ ਖ਼ਰੀਦ-ਫ਼ਰੋਖ਼ਤ ਦੇ ਚਰਚੇ ਹਨ। ਚੋਣ ਕਮਿਸ਼ਨ ਨੇ ਉੱਡਣ ਦਸਤੇ ਮੁਸਤੈਦ ਕਰ ਦਿੱਤੇ ਹਨ। ਚੋਣ ਆਬਜ਼ਰਵਰ ਅਤੇ ਉੱਡਣ ਦਸਤਿਆਂ ਨੇ ਨਿਗਰਾਨੀ ਵਧਾ ਦਿੱਤੀ ਹੈ। ਇਹ ਜ਼ਿਮਨੀ ਚੋਣਾਂ ਜਿੱਥੇ ਸੱਤਾਧਾਰੀ ਧਿਰ ਦੀ ਕਾਰਗੁਜ਼ਾਰੀ ਦੀ ਤਸਵੀਰ ਪੇਸ਼ ਕਰਨਗੀਆਂ, ਉੱਥੇ ਹੀ ਲੋਕ ਸਭਾ ਚੋਣਾਂ ’ਚ ਪੰਜਾਬ ਵਿੱਚ ਵੱਡੀ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਦੀ ਹਰਮਨਪਿਆਰਤਾ ’ਤੇ ਵੀ ਮੋਹਰ ਲਾਉਣਗੀਆਂ। ਪਹਿਲੀ ਵਾਰ ਸਿਆਸਤ ਦੀ ਪੌੜੀ ਚੜ੍ਹਨ ਲਈ ਮੈਦਾਨ ਵਿਚ ਕੁੱਦੀਆਂ ਦੋ ਬੀਬੀਆਂ ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਅਤੇ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਦਾ ਭਵਿੱਖ ਵੀ ਭਲਕੇ ਤੈਅ ਹੋਵੇਗਾ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਸਿਆਸੀ ਸਾਖ ਦਾ ਫ਼ੈਸਲਾ ਵੀ ਭਲਕੇ ਬਰਨਾਲਾ ਹਲਕਾ ਕਰੇਗਾ ਕਿਉਂਕਿ ਉਨ੍ਹਾਂ ਦੇ ਨਜ਼ਦੀਕੀ ਵੱਲੋਂ ‘ਆਪ’ ਟਿਕਟ ’ਤੇ ਚੋਣ ਲੜੀ ਜਾ ਰਹੀ ਹੈ। ਭਾਜਪਾ ਦੀ ਟੇਕ ਦਲਿਤ ਵੋਟਰਾਂ ਅਤੇ ਡੇਰਾ ਸਿਰਸਾ ਦੇ ਪੈਰੋਕਾਰਾਂ ’ਤੇ ਟਿਕੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਗੈਰ ਮੌਜੂਦਗੀ ਵਿਚ ਭਾਜਪਾ ਦੀ ਸਿਆਸੀ ਹਿੱਸੇਦਾਰੀ ਬਾਰੇ ਵੀ ਜ਼ਿਮਨੀ ਚੋਣਾਂ ਚਾਨਣ ਕਰਨਗੀਆਂ। ਜ਼ਿਮਨੀ ਚੋਣਾਂ ’ਚ ਸਭ ਤੋਂ ਵੱਧ ਚਰਚਿਤ ਰਿਹਾ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ (ਹਲਕਾ ਬਰਨਾਲਾ) ਵੀ ਪਹਿਲੀ ਵਾਰ ਚੋਣ ਪਿੜ ਵਿੱਚ ਉੱਤਰਿਆ ਹੈ ਜਿਸ ਦਾ ਸਿਆਸੀ ਕੱਦ ਵੀ ਜ਼ਿਮਨੀ ਚੋਣ ਮਾਪੇਗੀ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਹਲਕਾ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਡੇਰਾ ਬਿਆਸ ’ਚ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ। ਹਲਕਾ ਗਿੱਦੜਬਾਹਾ ਵਿੱਚ ਸਭ ਤੋਂ ਵੱਧ ਰੌਚਕ ਚੋਣ ਮੁਹਿੰਮ ਰਹੀ ਹੈ ਜਿੱਥੇ ਪੋਸਟਰਾਂ ਦਾ ਹੜ੍ਹ ਆਇਆ ਹੋਇਆ ਹੈ। ਸਮੁੱਚੇ ਚੋਣ ਪ੍ਰਚਾਰ ਦੌਰਾਨ ਕੋਈ ਅਣਸੁਖਾਵੀਂ ਘਟਨਾ ਤਾਂ ਨਹੀਂ ਵਾਪਰੀ ਪਰ ਪ੍ਰਚਾਰ ਨਿੱਜੀ ਦੂਸ਼ਣਬਾਜ਼ੀ ਤੋਂ ਬਾਹਰ ਨਹੀਂ ਆ ਸਕਿਆ।
ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਅੱਜ ਪੈਣਗੀਆਂ ਵੋਟਾਂ
ਮੁੰਬਈ/ਰਾਂਚੀ:
ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਅਤੇ ਝਾਰਖੰਡ ਦੀਆਂ 38 ਸੀਟਾਂ ’ਤੇ ਦੂਜੇ ਗੇੜ ਦੀ ਵੋਟਿੰਗ ਭਲਕੇ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਬੰਦ ਹੋਵੇਗੀ। ਇਨ੍ਹਾਂ ਸਾਰੇ ਸੂਬਿਆਂ ਵਿੱਚ ਭਲਕੇ ਪੈਣ ਵਾਲੀਆਂ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 43 ਸੀਟਾਂ ’ਤੇ ਵੋਟਿੰਗ 13 ਨਵੰਬਰ ਨੂੰ ਹੋਈ ਸੀ। ਵੋਟਾਂ ਸਬੰਧੀ ਸਾਰੀਆਂ ਥਾਵਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਿੰਗ ਦਾ ਅਮਲ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਸਕੇ। ਅੱਜ ਪੋਲਿੰਗ ਪਾਰਟੀਆਂ ਈਵੀਐੱਮ ਲੈ ਕੇ ਆਪੋ-ਆਪਣੀ ਤਾਇਨਾਤੀ ਵਾਲੇ ਸਟੇਸ਼ਨਾਂ ਵੱਲ ਰਵਾਨਾ ਹੋ ਗਈਆਂ। ਮਹਾਰਾਸ਼ਟਰ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਮਹਾਯੁਤੀ ਗੱਠਜੋੜ ਅਤੇ ਮਹਾ ਵਿਕਾਸ ਅਘਾੜੀ (ਐੱਮਵੀਏ) ਵਿਚਾਲੇ ਮੰਨਿਆ ਜਾ ਰਿਹਾ ਹੈ। ਮਹਾਯੁਤੀ ਗੱਠਜੋੜ ਵਿਚਲੀਆਂ ਪਾਰਟੀਆਂ ਵਿੱਚੋਂ ਭਾਜਪਾ ਨੇ 149 ਸੀਟਾਂ, ਸ਼ਿਵ ਸੈਨਾ ਨੇ 81 ਸੀਟਾਂ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ 59 ਹਲਕਿਆਂ ਤੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਗੱਠਜੋੜ ਐੱਮਵੀਏ ਵਿਚਲੀਆਂ ਪਾਰਟੀਆਂ ’ਚੋਂ ਕਾਂਗਰਸ ਨੇ 101 ਸੀਟਾਂ, ਸ਼ਿਵ ਸੈਨਾ (ਯੂਬੀਟੀ) ਨੇ 95 ਅਤੇ ਐੱਨਸੀਪੀ (ਐੱਸਪੀ) ਨੇ 86 ਸੀਟਾਂ ਤੋਂ ਸਾਂਝੇ ਤੌਰ ’ਤੇ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਬਹੁਜਨ ਸਮਾਜ ਪਾਰਟੀ ਨੇ 237 ਅਤੇ ਏਆਈਐੱਮਆਈਐੱਮ ਨੇ 17 ਸੀਟਾਂ ਤੋਂ ਉਮੀਦਵਾਰ ਉਤਾਰੇ ਹਨ। ਇਸ ਤੋਂ ਇਲਾਵਾ ਹੋਰ ਛੋਟੀਆਂ ਪਾਰਟੀਆਂ ਵੀ ਮੈਦਾਨ ਵਿੱਚ ਹਨ। ਇਸ ਵਾਰ ਸੂਬੇ ਵਿੱਚ ਕੁੱਲ 4136 ਉਮੀਦਵਾਰ ਮੈਦਾਨ ’ਚ ਹਨ। ਮਹਾਰਾਸ਼ਟਰ ਵਿੱਚ ਕੁੱਲ 100,186 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਬੂਥਾਂ ’ਤੇ ਛੇ ਲੱਖ ਦੇ ਕਰੀਬ ਸਰਕਾਰੀ ਮੁਲਾਜ਼ਮ ਚੋਣ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ।ਝਾਰਖੰਡ ਵਿੱਚ ਵੋਟਾਂ ਤੋਂ ਇਕ ਦਿਨ ਪਹਿਲਾਂ ਅੱਜ ਉਮੀਦਵਾਰਾਂ ਵੱਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਬੁੱਧਵਾਰ ਨੂੰ ਸੂਬੇ ਦੀਆਂ 38 ਸੀਟਾਂ ’ਤੇ ਹੋਣ ਵਾਲੀ ਵੋਟਿੰਗ ਲਈ 60.79 ਲੱਖ ਔਰਤਾਂ ਸਣੇ 1.23 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਗੇੜ ਲਈ ਦਿਹਾਤੀ ਤੇ ਸ਼ਹਿਰੀ ਖੇਤਰਾਂ ’ਚ 14,000 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। 38 ਸੀਟਾਂ ’ਤੇ 55 ਔਰਤਾਂ ਸਣੇ 528 ਉਮੀਦਵਾਰ ਮੈਦਾਨ ’ਚ ਹਨ। -ਪੀਟੀਆਈ
ਯੂਪ ਦੇ ਨੌਂ ਵਿਧਾਨ ਸਭਾ ਹਲਕਿਆਂ ’ਚ ਵੀ ਵੋਟਿੰਗ ਅੱਜ
ਲਖਨਊ:
ਉੱਤਰ ਪ੍ਰਦੇਸ਼ ਦੀਆਂ ਨੌਂ ਵਿਧਾਨ ਸਭਾ ਸੀਟਾਂ ’ਤੇ ਵੀ ਵੋਟਾਂ ਭਲਕੇ ਪੈਣਗੀਆਂ। ਇਨ੍ਹਾਂ ਨੌਂ ਸੀਟਾਂ ਵਿੱਚ ਕਟੇਹਾਰੀ (ਅੰਬੇਡਕਰ ਨਗਰ), ਕਰਹਲ (ਮੈਨਪੁਰੀ), ਮੀਰਾਪੁਰ (ਮੁਜ਼ੱਫਰਨਗਰ), ਗਾਜ਼ੀਆਬਾਦ, ਮਝਵਾਂ (ਮਿਰਜ਼ਾਪੁਰ), ਸਿਸਾਮਊ (ਕਾਨਪੁਰ ਸ਼ਹਿਰ), ਖੈਰ (ਅਲੀਗੜ੍ਹ), ਫੂਲਪੁਰ (ਪ੍ਰਯਾਗਰਾਜ) ਅਤੇ ਕੁੰਦਰਕੀ (ਮੁਰਾਦਾਬਾਦ) ਸ਼ਾਮਲ ਹਨ। ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਮੁੱਖ ਮੁਕਾਬਲਾ ਭਾਜਪਾ ਤੇ ਸਮਾਜਵਾਦੀ ਪਾਰਟੀ ਵਿਚਾਲੇ ਮੰਨਿਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਹੋ ਰਹੀ ਇਸ ਪਹਿਲੀ ਚੋਣ ਜੰਗ ਵਿੱਚੋਂ ਕਾਂਗਰਸ ਨੇ ਖ਼ੁਦ ਨੂੰ ਬਾਹਰ ਰੱਖਿਆ ਹੈ। -ਪੀਟੀਆਈ