ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ, 1 ਜਨਵਰੀ
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਟਾਂਡਾ ਅਤੇ ਆਦਮਪੁਰ ਨੂੰ ਤਹਿਸੀਲ ਦਾ ਦਰਜਾ ਦੇਣ ਸਮੇਤ ਕਈ ਅਹਿਮ ਫ਼ੈਸਲੇ ਲਏ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਵਜ਼ਾਰਤ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਵਿੱਚ ਡਿਜ਼ਾਈਨ, ਗੁਣਵੱਤਾ ਕੰਟਰੋਲ, ਨਿਗਰਾਨੀ ਤੇ ਮੁਲਾਂਕਣ ਵਿੰਗ ਦੀ ਸਥਾਪਨਾ ਲਈ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਮਾਈਕਰੋ ਇਰੀਗੇਸ਼ਨ (ਐਮਆਈ)-ਸਪੈਸ਼ਲ ਪਰਪਜ਼ ਵਹੀਕਲ ਸਥਾਪਤ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਹੁਸ਼ਿਆਰਪੁਰ ਦੀ ਸਬ-ਤਹਿਸੀਲ ਟਾਂਡਾ ਤੇ ਜਲੰਧਰ ਦੀ ਸਬ-ਤਹਿਸੀਲ ਆਦਮਪੁਰ ਨੂੰ ਤਹਿਸੀਲ/ਸਬ-ਡਿਵੀਜ਼ਨ ਵਜੋਂ ਅਪਗ੍ਰੇਡ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪੰਜਾਬ ਕੈਬਨਿਟ ਨੇ ਡੈਂਟਲ ਕੌਂਸਲ ਆਫ਼ ਇੰਡੀਆ, ਨਵੀਂ ਦਿੱਲੀ ਦੇ ਨਿਯਮਾਂ ਅਨੁਸਾਰ ਪੰਜਾਬ ਡੈਂਟਲ ਐਜੂਕੇਸ਼ਨ (ਗਰੁੱਪ-ਏ) ਸਰਵਿਸ (ਸੋਧ) ਨਿਯਮ, 2021 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਨਵੇਂ ਮੈਗਾ ਅਤੇ ਅਲਟਰਾ ਮੈਗਾ ਪ੍ਰਾਜੈਕਟਾਂ ਲਈ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਹੈ। ਇੱਕ ਹੋਰ ਅਹਿਮ ਫ਼ੈਸਲੇ ਵਿੱਚ ਕੈਬਨਿਟ ਨੇ ਗਊਸ਼ਾਲਾਵਾਂ ਦੇ ਬਿਜਲੀ ਬਿੱਲਾਂ ਦੇ ਬਕਾਇਆ ਬਕਾਏ ਮੁਆਫ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਪੱਤਰਕਾਰਾਂ ਦੀਆਂ ਤਿੰਨ ਮੰਗਾਂ ਮੰਨੀਆਂ
ਮੁੱਖ ਮੰਤਰੀ ਨੇ ਨਵੇਂ ਵਰ੍ਹੇ ਦੇ ਪਹਿਲੇ ਦਿਨ ਪੱਤਰਕਾਰਾਂ ਦੀਆਂ ਤਿੰਨ ਮੰਗਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਪੈਨਸ਼ਨ ਬਾਰਾਂ ਹਜ਼ਾਰ ਤੋਂ ਵਧਾ ਕੇ ਪੰਦਰਾਂ ਹਜ਼ਾਰ ਰੁਪਏ ਕਰਨ, ਇਲਾਜ ਦੀ ਰਾਸ਼ੀ ਪੰਜ ਲੱਖ ਤੋਂ ਵਧਾ ਦਿੱਤੀ ਗਈ ਹੈ ਅਤੇ ਬੱਸ ਪਾਸ ਦੀ ਰਾਸ਼ੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨੇ ਤਿੰਨ ਮੰਗਾਂ ਲਾਗੂ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਚਾਰ ਹੋਰ ਮੰਗਾਂ ਨੂੰ ਵੀ ਫੌਰੀ ਲਾਗੂ ਕਰਨ ਦੀ ਮੰਗ ਕੀਤੀ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਚਾਰ ਜਨਵਰੀ ਨੂੰ ਇਨ੍ਹਾਂ ’ਤੇ ਅਮਲ ਦਾ ਐਲਾਨ ਕੀਤਾ ਜਾਵੇਗਾ।