ਪੱਤਰ ਪ੍ਰੇਰਕ
ਨੰਗਲ, 24 ਅਪਰੈਲ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਕਤੀ ਸਦਨ ਵਿੱਚ ‘ਸਾਡਾ ਐਮਐਲਏ ਸਾਡੇ ਵਿੱਚ’ ਮੁਹਿੰਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਲਾਕੇ ਦੇ ਪਿੰਡਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ| ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਮੌਕੇ ’ਤੇ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਵੀ ਆਦੇਸ਼ ਦਿੱਤੇ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਆਪਣੇ ਹਰ ਵਾਅਦੇ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰੇਗੀ|
ਡੀਸੀ ਨੇ ਰਿਹੋੜ ਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ
ਪੰਚਕੂਲਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਨੇ ਬਰਵਾਲਾ ਬਲਾਕ ਦੇ ਪਿੰਡ ਰਿਹੋੜ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਡੀਸੀ ਨੇ ਇੱਥੇ ਦੋ ਆਂਗਣਬਾੜੀ ਕੇਂਦਰਾਂ ਦਾ ਦੌਰਾ ਵੀ ਕੀਤਾ। ਇਨ੍ਹਾਂ ਕੇਂਦਰਾਂ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਖੁਰਾਕ ਦੀ ਵੀ ਚੈਕਿੰਗ ਕੀਤੀ। ਡੀਸੀ ਨੇ ਕਈ ਘਰਾਂ ਵਿੱਚ ਜਾ ਕੇ ਪਰਿਵਾਰ ਪਛਾਣ ਪੱਤਰ ਵੀ ਵੇਖੇ ਅਤੇ ਇਨ੍ਹਾਂ ਘਰਾਂ ਦੀ ਸਾਲਾਨਾ ਆਮਦਨ ਦਾ ਮਿਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਚਕੂਲਾ ਦੇ ਪਿੰਡ ਬਤੌੜ ਵਿੱਚ ਸੰਸਕ੍ਰਿਤ ਮਾਡਲ ਸਕੂਲ ਵਿੱਚ ਪੜ੍ਹਨ ਜਾਂਦੇ ਬਿੱਚਿਆਂ ਨੂੰ ਰਿਹੋੜ ਤੋਂ ਬਤੌੜ ਤੱਕ ਬੱਸ ਸੇਵਾ ਦਿੱਤੀ ਜਾਵੇਗੀ। ਉਨ੍ਹਾਂ ਪਿੰਡ ਦੀ ਗਊਸ਼ਾਲਾਂ ਉਤੋਂ ਲੰਘਦੀਆਂ ਹਾਈ ਵੋਲਟੇਜ਼ ਤਾਰਾਂ ਨੂੰ ਪੰਦਰਾਂ ਦਿਨਾਂ ਵਿੱਚ ਹਟਾਉਣ ਲਈ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।