ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ
ਕੈਬਨਿਟ ਮੰਤਰੀ ਅਤੇ ਹਲਕਾ ਮਲੋਟ ਦੀ ਵਿਧਾਇਕਾ ਡਾ. ਬਲਜੀਤ ਕੌਰ ਦਾ ਪੀਏ ਬਣ ਕੇ ਅਧਿਆਪਕ ਲਵਾਉਣ ਬਦਲੇ 10 ਲੱਖ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਇੱਕ ਨੌਸਰਬਾਜ਼ ਨੂੰ ਮੁਕਤਸਰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਵਾਸੀ ਕੋਲਿਆਂਵਾਲੀ ਵਜੋਂ ਹੋਈ ਹੈ। ਇਸ ਸਬੰਧੀ ਸੀਨੀਅਰ ਕਪਤਾਨ ਪੁਲੀਸ ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਗੁਰਵੀਰ ਸਿੰਘ ਵਾਸੀ ਫੱਕਰਸਰ ਥਾਣਾ ਕਬਰਵਾਲਾ 5 ਸਤੰਬਰ ਨੂੰ ਪਿੰਡ ਕੋਲਿਆਂਵਾਲੀ ਗਿਆ ਸੀ, ਜਿਥੇ ਉਸ ਨੂੰ ਗੁਰਮੀਤ ਸਿੰਘ ਮਿਲਿਆ। ਗੁਰਮੀਤ ਨੇ ਦਾਅਵਾ ਕੀਤਾ ਕਿ ਉਹ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਿਧਾਇਕ ਹਲਕਾ ਮਲੋਟ ਦਾ ਪੀਏ ਹੈ ਤੇ ਜੇ ਸਰਕਾਰੀ ਅਧਿਆਪਕ ਲੱਗਣਾ ਹੈ ਤਾਂ 10 ਲੱਖ ਰੁਪਏ ਵਿੱਚ ਲਗਵਾ ਸਕਦਾ ਹੈ।
ਗੁਰਵੀਰ ਸਿੰਘ ਨੇ ਜਦੋਂ ਮਲੋਟ ਪਹੁੰਚ ਕੇ ਡਾ. ਬਲਜੀਤ ਕੌਰ ਦੇ ਨਿੱਜੀ ਸਹਾਇਕ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਗੁਰਮੀਤ ਸਿੰਘ ਨਾਂ ਦਾ ਕੋਈ ਪੀਏ ਨਹੀਂ ਹੈ| ਇਸ ’ਤੇ ਗੁਰਵੀਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ| ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਉਸ ਕੋਲੋਂ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਪਹਿਲਾਂ ਮਾਰੀਆਂ ਠੱਗੀਆਂ ਦਾ ਵੀ ਵੇਰਵਾ ਦਿੱਤਾ। ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਪੀਏ ਬਣ ਕੇ ਕਈ ਵਾਰ ਫੋਨ ਕੀਤੇ ਹਨ। ਉਸ ਨੇ ਇੱਕ ਵਾਰ ਵੇਰਕਾ ਅਦਾਰੇ ਵਿੱਚ ਵੀ ਫੋਨ ਕਰ ਕੇ ਨੌਕਰੀ ਵਾਸਤੇ ਕਿਹਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।