ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 12 ਜੂਨ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਜਲ ਸਰੋਤ ਵਿਭਾਗ ਵੱਲੋ 9.52 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਲਿਫਟ ਇਰੀਗੇਸ਼ਨ ਸਕੀਮ ਰਾਹੀ ਚੰਗਰ ਦੇ ਪਿੰਡਾਂ ਥੱਪਲ, ਝਿੰਜੜੀ, ਮੋਹੀਵਾਲ, ਤਾਰਾਪੁਰ ਦੇ 521 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਸੁਵਿਧਾ ਦੇਣ ਦਾ ਉਦਘਾਟਨ ਕੀਤਾ। ਚੰਗਰ ਦੇ ਇਨ੍ਹਾਂ ਪਿੰਡਾਂ ਨੂੰ ਆਨੰਦਪੁਰ ਹਾਈਡਲ ਚੈਨਲ ਨਹਿਰ ਤੋਂ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਇਆ ਗਿਆ ਹੈ। ਅੱਜ ਝਿੰਜੜੀ ਵਿਖੇ ਇਕ ਸਮਾਰੋਹ ਮੌਕੇ ਇਲਾਕੇ ਦੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਲਗਪਗ 70 ਸਾਲ ਤੋਂ ਚੰਗਰ ਦੇ ਇਨ੍ਹਾਂ ਪਿੰਡਾਂ ਦੇ ਲੋਕ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਗਰਮੀਆਂ ਵਿਚ ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਪਸ਼ੂਆਂ ਨਾਲ ਸਤਲੁਜ ਦਰਿਆ ਦੇ ਕੰਢੇ ਆ ਜਾਂਦੇ ਸਨ, ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਸ ਪਾਵਨ ਤੇ ਪਵਿੱਤਰ ਧਰਤੀ ਦੇ ਲੋਕਾਂ ਨੂੰ ਪਾਣੀ ਵਰਗੀ ਬੁਨਿਆਦੀ ਜ਼ਰੂਰਤ ਲਈ ਖੱਜਲ ਖੁਆਰ ਹੋਣਾ ਪਿਆ ਹੈ। ਇਲਾਕੇ ਦੇ 200 ਪਿੰਡਾਂ ਵਿਚੋਂ 150 ਪਿੰਡ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਨੂੰ ਅਗਲੇ ਡੇਢ ਸਾਲ ਵਿਚ ਜੜ੍ਹ ਤੋਂ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਚੰਗਰ ਦੇ ਹਰ ਖੇਤਰ ਹਰ ਪਿੰਡ ਤੇ ਹਰ ਕੋਨੇ ਤੱਕ ਪਾਣੀ ਪਹੁੰਚਾਉਣ ਦਾ ਵਾਅਦਾ ਕੀਤਾ ਹੈ, ਹਰ ਘਰ ਨੂੰ ਪੀਣ ਲਈ ਪਾਣੀ ਤੇ ਖੇਤਾਂ ਨੂੰ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਪਹਿਲੀ ਸਕੀਮ ਦੀ ਅੱਜ ਸ਼ੁਰੂਆਤ ਕਰ ਦਿੱਤੀ ਹੈ। 9.52 ਕਰੋੜ ਦੀ ਲਾਗਤ ਨਾਲ ਥੱਪਲ, ਝਿੰਜੜੀ, ਮੋਹੀਵਾਲ, ਤਾਰਾਪੁਰ ਦੇ 521 ਏਕੜ ਰਕਬੇ ਨੂੰ ਅੱਜ ਪਾਣੀ ਪਹੁੰਚਾ ਦਿੱਤਾ ਹੈ। ਦੂਜੀ ਸਕੀਮ 18.52 ਕਰੋੜ ਨੂੰ ਸਾਲ ਤੇ ਅੰਤ ਤੱਕ ਲੋਕ ਅਰਪਣ ਕਰਕੇ 1015 ਏਕੜ ਰਕਬੇ ਨੂੰ ਪਾਣੀ ਦਿੱਤਾ ਜਾਵੇਗਾ। ਤੀਜੀ ਸਕੀਮ ਦਾ ਡਿਜ਼ਾਈਨ ਆਈ.ਆਈ.ਟੀ ਰੂਪਨਗਰ ਵੱਲੋਂ ਤਿਆਰ ਕੀਤਾ ਹੈ ਜੋ ਸਰਕਾਰ ਕੋਲ ਭੇਜਿਆ ਹੈ। 80 ਕਰੋੜ ਦੀ ਲਾਗਤ ਨਾਲ ਇਸ ਯੋਜਨਾ ਨੂੰ ਮੁਕੰਮਲ ਕਰਕੇ 4007 ਏਕੜ ਰਕਬੇ ਨੂੰ ਪਾਣੀ ਦਿੱਤਾ ਜਾਵੇਗਾ ਤੇ ਚੰਗਰ ਦੇ ਹਰ ਕੋਨੇ ਤੱਕ ਪਾਣੀ ਪਹੁੰਚੇਗਾ। ਇਸ ਤੋ ਪਹਿਲਾ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਜਲ ਸ੍ਰੋਤ ਵਿਭਾਗ ਵੱਲੋਂ, ਲਿਫਟ ਇਰੀਗੇਸ਼ਨ ਦੀ ਪਹਿਲੀ ਸਕੀਮ ਨੂੰ ਲੋਕ ਅਰਪਣ ਕੀਤਾ ਅਤੇ ਝਿੰਜੜੀ ਵਿਖੇ ਗੇਟ ਵਾਲ ਖੋਲ ਕੇ ਅਨੰਦਪੁਰ ਹਾਈਡਲ ਚੈਨਲ ਨਹਿਰ ਤੋ ਲਿਫਟ ਇਰੀਗੇਸ਼ਨ ਸਕੀਮ ਰਾਹੀ ਖੇਤਾਂ ਨੂੰ ਪਾਣੀ ਸਪਲਾਈ ਦੀ ਸ਼ੁਰੂਆਤ ਕੀਤੀ। ਇਸ ਮੌਕੇ ਐਸ.ਡੀ.ਐਮ ਮਨੀਸਾ ਰਾਣਾ ਆਈ.ਏ.ਐਸ, ਡੀ.ਐਸ.ਪੀ ਅਜੇ ਸਿੰਘ, ਕਾਰਜਕਾਰੀ ਇੰਜੀਨਿਅਰ ਜਲ ਸ੍ਰੋਤ ਵਿਭਾਗ ਗੁਰਪ੍ਰੀਤ ਸਿੰਘ, ਸੋਹਣ ਸਿੰਘ ਬੈਂਸ, ਕੈਪਟਨ ਗੁਰਨਾਮ ਸਿੰਘ,ਰਾਮ ਕੁਮਾਰ ਮੁਕਾਰੀ, ਜਸਪ੍ਰੀਤ ਜੇ.ਪੀ, ਜਸਬੀਰ ਸਿੰਘ ਅਰੋੜਾ, ਦੀਪਕ ਸੋਨੀ ਭਨੂਪਲੀ, ਸੂਬੇਦਾਰ ਰਾਜਪਾਲ, ਚੋਧਰੀ ਅਨੰਤ ਰਾਮ, ਚੋਧਰੀ ਮੋਹਣ ਲਾਲ, ਸੋਹਣ ਸਿੰਘ ਨਿੱਕੂਵਾਲ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।