ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ/ਘੁਮਾਣ, 26 ਅਕਤੂਬਰ
ਸ਼ਰੋਮਣੀ ਭਗਤ ਨਾਮਦੇਵ ਦੇ 750ਵੇ ਪ੍ਰਕਾਸ਼ ਦਿਹਾੜੇ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਵਿਸ਼ੇਸ਼ ਤੌਰ ’ਤੇ ਭਗਤ ਨਾਮਦੇਵ ਦਰਬਾਰ ਘੁਮਾਣ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ੍ਰੀ ਹਰਗੋਬਿੰਦਪੁਰ ਬਲਵਿੰਦਰ ਸਿੰਘ ਲਾਡੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐੱਸਐੱਸਪੀ ਬਟਾਲਾ ਰਛਪਾਲ ਸਿੰਘ ਅਤੇ ਐੱਸਡੀਐੱਮ ਬਟਾਲਾ ਬਲਵਿੰਦਰ ਸਿੰਘ ਮੌਜੂਦ ਸਨ। ਘੁਮਾਣ ਵਿੱਚ ਭਗਤ ਨਾਮਦੇਵ ਦੀ ਸਮਾਧੀ ’ਤੇ ਮੱਥਾ ਟੇਕਣ ਉਪਰੰਤ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੇਸ਼-ਵਿਦੇਸ਼ ਦੀ ਸਮੂਹ ਸੰਗਤ ਨੂੰ ਭਗਤ ਨਾਮਦੇਵ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ 18 ਰਾਗਾਂ ਵਿਚ ਭਗਤ ਨਾਮਦੇਵ ਦੇ 61 ਸਲੋਕ ਦਰਜ ਹਨ ਅਤੇ ਉਨ੍ਹਾਂ ਦੀ ਬਾਣੀ ਰਹਿੰਦੀ ਦੁਨੀਆ ਤੱਕ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਗਤ ਨਾਮਦੇਵ ਦੇ ਵਰਸੋਏ ਨਗਰ ਘੁਮਾਣ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਪ੍ਰਾਜੈਕਟ ਤਹਿਤ ਘੁਮਾਣ ਦੀ 100 ਫ਼ੀਸਦੀ ਵਸੋਂ ਨੂੰ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਅਤੇ ਹਰ ਘਰ ਨੂੰ ਸੀਵਰੇਜ ਸਪਲਾਈ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਗਰ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੁਮਾਣ ਨਗਰ ਵਿੱਚ ਸੀਵਰੇਜ ਦੇ ਪ੍ਰਾਜੈਕਟ ਉੱਪਰ 16.50 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ।