ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਨਵੰਬਰ
ਸੂਬੇ ਵਿੱਚ ਵਧ ਰਹੀਆਂ ਲੁੱਟ-ਖੋਹ ਅਤੇ ਹਿੰਸਕ ਘਟਨਾਵਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਇੱਥੇ ਕਿਹਾ ਕਿ ਅਜਿਹੇ ਹਾਲਾਤ ਦਾ ਮੁੱਖ ਕਾਰਨ ‘ਆਪ’ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਪੈਸਾ ਇਕੱਠ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਅਤੇ ਮਾਈਨਿੰਗ ਦੇ ਕਾਰੋਬਾਰ ’ਚ ਹੱਥ ਰੰਗਣ ਮਗਰੋਂ ਹੁਣ ‘ਆਪ’ ਆਗੂ ਕੇਬਲ ਮਾਫੀਆ ਵੀ ਪੈਦਾ ਕਰਨ ਲੱਗੇ ਹਨ। ਇਸ ਤਹਿਤ ਕੇਬਲ ਕਾਰੋਬਾਰੀਆਂ ’ਤੇ ਝੂਠੇ ਕੇਸ ਦਰਜ ਕੀਤੇ ਜਾਣ ਲੱਗੇ ਹਨ। ਜ਼ਿਲ੍ਹਾ ਅਕਾਲੀ ਜਥਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਮਿਤ ਰਾਠੀ, ਫਾਸਟਵੇਅ ਨੈਟਵਰਕ ਦੇ ਡਾਇਰੈਕਟਰ ਵਿਕਾਸ ਪੁਰੀ ਅਤੇ ਗੁਰਦੀਪ ਸਿੰਘ ਸਮੇਤ ਕੁਝ ਹੋਰਨਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਇਸੇ ਹੀ ਕੜੀ ਦਾ ਹਿੱਸਾ ਦੱਸਦਿਆਂ ਉਨ੍ਹਾਂ ਕਿਹਾ ਕਿ ਜੇ ਅਜਿਹੀਆਂ ਵਧੀਕੀਆਂ ਇਥੇ ਹੀ ਨਾ ਰੁਕੀਆਂ ਤਾਂ ਅਕਾਲੀ ਦਲ ਜਲਦੀ ਪਟਿਆਲਾ ਤੋਂ ਸੰਘਰਸ਼ ਵਿੱਢੇਗਾ।
ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਕੇਬਲ ਨੈਟਵਰਕ ਦੇ ਕਾਰੋਬਾਰ ਨਾਲ ਜੁੜੇ ਅਮਿਤ ਰਾਠੀ ਅਤੇ ਵਿਕਾਸ ਪੁਰੀ ਰਾਹੀਂ ਹਜ਼ਾਰਾਂ ਅਪਰੇਟਰ ਆਪਣੇ ਪਰਿਵਾਰ ਪਾਲ ਰਹੇ ਹਨ ਪਰ ਮਾਈਨਿੰਗ ’ਚ ਹੱਥ ਰੰਗਣ ਮਗਰੋਂ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕੁਝ ‘ਆਪ’ ਆਗੂਆਂ ਨੇ ਹੁਣ ਕੇਬਲ ਦੇ ਕਾਰੋਬਾਰ ’ਤੇ ਵੀ ਅੱਖ ਰੱਖ ਲਈ ਹੈ। ਪਿਛਲੇ ਦਿਨੀਂ ਥਾਣਾ ਸਿਵਲ ਲਾਈਨ ’ਚ ਦਰਜ ਕੀਤੇ ਗਏ ਇਰਾਦਾ ਕਤਲ ਦੇ ਕੇਸ ਨੂੰ ਝੂਠਾ ਕਰਾਰ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਅਸਲੀ ਹਮਲਾਵਰ ਦਾ ਤਾਂ ਪੁਲੀਸ ਨੂੰ ਪਤਾ ਨਹੀਂ ਲੱਗਾ ਪਰ ਰਾਠੀ, ਪੁਰੀ ਤੇ ਗੁਰਦੀਪ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਇਹ ਕੇਸ ਰੱਦ ਨਾ ਕੀਤਾ ਗਿਆ ਤਾਂ ਅਕਾਲੀ ਦਲ ਜਲਦੀ ਹੀ ਸੰਘਰਸ਼ ਵਿੱਢੇਗਾ।
‘ਮੁਆਫ਼ੀ ਨਾ ਮੰਗਣ ’ਤੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਭਗਵੰਤ ਮਾਨ’
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਕਿ ਜੇ ਮੁੱਖ ਮੰਤਰੀ ਨੇ ਲਿਖਤੀ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਨੂੰ ਫੌਜਦਾਰੀ ਕੇਸ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਉਹ ਭਗਵੰਤ ਮਾਨ ਨੂੰ ਅਦਾਲਤ ਵਿਚ ਬੇਨਕਾਬ ਕਰਨਗੇ। ਕੇਜਰੀਵਾਲ ਵੱਲੋਂ ਛੋਟੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ’ਤੇ ਸਵਾਲ ਚੁੱਕਦਿਆਂ ਸੁਖਬੀਰ ਨੇ ਕਿਹਾ ਕਿ ਹੁਸ਼ਿਆਰਪਰ ਵਿਚ ਅੱਜ ਉਨ੍ਹਾਂ ਇੱਕ ਸਿੰਥੈਟਿਕ ਅਥਲੈਟਿਕ ਟਰੈਕ ਦਾ ਵੀ ਉਦਘਾਟਨ ਕੀਤਾ। ਇਹ ਉਦਘਾਟਨ ਸਥਾਨਕ ਪੱਧਰ ਦੇ ਆਗੂ ਜਾਂ ਡੀਸੀ ਵੀ ਕਰ ਸਕਦੇ ਸਨ।