ਪੱਤਰ ਪ੍ਰੇਰਕ
ਬਨੂੜ, 25 ਸਤੰਬਰ
ਆਲ ਇੰਡੀਆ ਮੋਟਰ ਟਰਾਂਸਪੋਰਟਰ ਕਾਂਗਰਸ ਦੇ ਕੌਮੀ ਪ੍ਰਧਾਨ ਅੰਮ੍ਰਿਤ ਲਾਲ ਮਦਾਨ ਨੇ ਐਲਾਨ ਕੀਤਾ ਕਿ ਛੇਤੀ ਹੀ ਬੀਮਾ, ਟੌਲ, ਤੇਲ ਅਤੇ ਟਾਇਰਾਂ ਦੀਆਂ ਦਰਾਂ ਖ਼ਿਲਾਫ਼ ਕੌਮੀ ਪੱਧਰ ’ਤੇ ਅੰਦੋਲਨ ਵਿੱਢਿਆ ਜਾਵੇਗਾ। ਉਹ ਬਨੂੜ ਵਿੱਚ ਕੌਮੀ ਕਾਰਜਕਾਰੀ ਮੈਂਬਰ ਪ੍ਰੇਮ ਸਿੰਘ ਘੜਾਮਾਂ ਵੱਲੋਂ ਟਰਾਂਸਪੋਰਟਰਾਂ ਦੀ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਨਾਲ ਸਾਬਕਾ ਕੌਮੀ ਪ੍ਰਧਾਨ ਮਲਕੀਤ ਸਿੰਘ ਬੱਲ ਵੀ ਮੌਜੂਦ ਸਨ।
ਸ੍ਰੀ ਮਦਾਨ ਨੇ ਆਖਿਆ ਕਿ ਟਰਾਂਸਪੋਰਟਰ ਖੇਤਰ ਘਾਟੇ ਵਿੱਚ ਜਾ ਰਿਹਾ ਹੈ, ਜਿਸ ਦਾ ਵੱਡਾ ਕਾਰਨ ਤੇਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ, ਪੈਰ-ਪੈਰ ’ਤੇ ਲੱਗੇ ਹੋਏ ਟੌਲ ਪਲਾਜ਼ੇ, ਬੀਮੇ ਦੀਆਂ ਦਰਾਂ ਵਿੱਚ ਵਾਧਾ ਅਤੇ ਟਾਇਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰ ਖੇਤਰ ਨੂੰ ਬਚਾਉਣ ਲਈ ਛੇਤੀ ਹੀ ਵੱਡਾ ਅੰਦੋਲਨ ਵਿੱਢਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ ਅੰਦੋਲਨ ਲਈ ਤਿਆਰ ਰਹਿਣਾ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੋਟਰ ਟਰਾਂਸਪੋਰਟਰ ਕਾਂਗਰਸ ਨਾਲ 3500 ਟਰੱਕ ਯੂਨੀਅਨਾਂ ਜੁੜੀਆਂ ਹੋਈਆਂ ਹਨ।