ਪਾਲ ਸਿੰਘ ਨੌਲੀ
ਜਲੰਧਰ, 25 ਜਨਵਰੀ
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਮਨੁੱਖੀ ਅਧਿਕਾਰਾਂ ’ਤੇ ਹਮਲੇ ਖ਼ਿਲਾਫ਼ ਅਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। ਸਮਾਗਮ ’ਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਕਮੇਟੀ ਮੈਂਬਰ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਡੈਮੋਕ੍ਰੈਟਿਕ ਲਾਇਰਜ਼ ਐਸੋਸੀਏਸ਼ਨ ਦੇ ਬੁਲਾਰੇ ਐਡਵੋਕੇਟ ਦਲਜੀਤ ਸਿੰਘ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਸੰਬੋਧਨ ਕੀਤਾ।
ਇਸ ਮੌਕੇ ਬੁਲਾਰਿਆਂ ਨੇ ਲੋਕਾਂ ਲਈ ਆਜ਼ਾਦੀ, ਜਮਹੂਰੀਅਤ, ਬਰਾਬਰੀ, ਨਿਆਂ ਅਤੇ ਭਾਈਚਾਰਕ ਸਾਂਝ ਦੇ ਅਹਿਮ ਮੁੱਦੇ ਛੋਹੇ। ਬੁਲਾਰਿਆਂ ਨੇ ਕਿਹਾ ਕਿ ਲੋਕਾਂ ਨੂੰ ਗ਼ਦਰੀ ਬਾਬਿਆਂ ਦੇ ਦਰਸਾਏ ਲੋਕ ਸੰਘਰਸ਼ ਦੇ ਰਾਹ ’ਤੇ ਟੇਕ ਰੱਖ ਕੇ ਚੱਲਣ ਦੀ ਲੋੜ ਹੈ। ਸਮਾਗਮ ’ਚ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਪਾਸ ਕੀਤੇ ਮਤਿਆਂ ਰਾਹੀਂ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਯੂਏਪੀਏ ਤੇ ਅਸਫ਼ਸਪਾ ਵਰਗੇ ਕਾਨੂੰਨ ਰੱਦ ਕਰਨ, ਜੱਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਨ ਅਤੇ ਹਰਿਦੁਆਰ ਵਿੱਚ ਹੋਏ ਧਰਮ ਸੰਸਦ ਸੰਮੇਲਨ ਵਰਗੇ ਫ਼ਿਰਕੂ ਪ੍ਰਚਾਰ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਸਮਾਗਮ ਵਿੱਚ ਵਿਚਾਰ-ਚਰਚਾ ਮਗਰੋਂ ‘ਪੀਪਲਜ਼ ਵੁਆਇਸ’ ਵੱਲੋਂ ਆਨੰਦ ਪਟਵਰਧਨ ਦੀ ਫ਼ਿਲਮ ‘ਹਮਾਰਾ ਸ਼ਹਿਰ: ਬੰਬੇ ਆਵਰ ਸਿਟੀ’ ਤੋਂ ਇਲਾਵਾ ਗੌਹਰ ਰਜ਼ਾ ਦੀ ਕਵਿਤਾ ‘ਗਵਾਹੀ ਦੋ’ ਅਤੇ ਪਾਸ਼ ਦੀ ਕਵਿਤਾ ‘ਕੰਡੇ ਦਾ ਜ਼ਖ਼ਮ’ ਉੱਤੇ ਬਣੀਆਂ ਫ਼ਿਲਮਾਂ ਦਿਖਾਈਆਂ ਗਈਆਂ। ਡਾ. ਸੁਰਜੀਤ ਜੱਜ, ਸਰਗਮ, ਮਾਨਵਤਾ ਕਲਾ ਮੰਚ ਨਗਰ ਦੀ ਕਲਾਕਾਰ ਨਰਗਿਸ ਅਤੇ ਧਰਮਿੰਦਰ ਮਸਾਣੀ ਨੇ ਕਵਿਤਾਵਾਂ ਸੁਣਾਈਆਂ।
ਸਮਾਗਮ ਕਰਵਾਉਣ ’ਚ ਪੀਪਲਜ਼ ਵੁਆਇਸ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, ਫੁਲਵਾੜੀ ਕਲਾ ਕੇਂਦਰ ਲੋਹੀਆਂ, ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਪੰਜਾਬ, ਸਾਹਿਤ ਕਲਾ ਕੇਂਦਰ ਜਲੰਧਰ, ਪੰਜਾਬੀ ਲੇਖਕ ਸਭਾ ਜਲੰਧਰ, ਸਾਹਿਤਕ/ਸੱਭਿਆਚਾਰਕ ਮੰਚ ਫੁਲਕਾਰੀ, ਮਾਨਵਵਾਦੀ ਰਚਨਾ ਮੰਚ ਤਰਕਸ਼ੀਲ ਸੁਸਾਇਟੀ ਪੰਜਾਬ ਜਲੰਧਰ, ਜਮਹੂਰੀ ਅਧਿਕਾਰ ਸਭਾ ਪੰਜਾਬ ਜਲੰਧਰ, ਡੈਮੋਕ੍ਰੈਟਿਕ ਲਾਇਰਜ਼ ਐਸੋਸੀਏਸ਼ਨ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਕਮੇਟੀ ਦੇ ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਹਰਮੇਸ਼ ਮਾਲੜੀ ਤੋਂ ਇਲਾਵਾ ਪਲਸ ਮੰਚ ਸੂਬਾ ਕਮੇਟੀ ਮੈਂਬਰ ਜਸਵਿੰਦਰ ਪੱਪੀ, ਤਰਕਸ਼ੀਲ ਆਗੂ ਸੁਖਦੇਵ ਫਗਵਾੜਾ ਤੇ ਹੋਰ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ।