ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਭਾਜਪਾ ਸਰਕਾਰ ਦੀਆਂ ਭੜਕਾਊ ਤੇ ਵੰਡਪਾਊ ਚਾਲਾਂ ਨੂੰ ਜ਼ੋਰ ਨਾਲ ਪਛਾੜਨ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਪਾਸੇ ਕਾਨੂੰਨਾਂ ’ਚ ਨਿਗੂਣੀਆਂ ਸੋਧਾਂ ਕਰਨ ਦੀ ਤਜਵੀਜ਼ ਪੇਸ਼ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਸੰਘਰਸ਼ ਬਾਰੇ ਭੜਕਾਊ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਵੱਲੋਂ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕਰਨ ਨੂੰ ਨਕਸਲੀਆਂ ਦੀ ਘੁਸਪੈਠ ਕਿਹਾ ਜਾ ਰਿਹਾ ਹੈ, ਕਦੇ ਸੰਘਰਸ਼ ਨੂੰ ਖ਼ਾਲਿਸਤਾਨੀਆਂ ਦੇ ਸੰਘਰਸ਼ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜੈਪੁਰ ਹਾਈਵੇਅ ਜਾਮ ਕਰਨ ਦੇ ਐਕਸ਼ਨ ਨਾਲ ਹਿੰਸਾ ਹੋਣ ਦੇ ਖ਼ਤਰੇ ਦਾ ਭਰਮ ਪੈਦਾ ਕੀਤਾ ਜਾ ਰਿਹਾ ਹੈ।