ਪਾਲ ਸਿੰਘ ਨੌਲੀ
ਜਲੰਧਰ, 1 ਫਰਵਰੀ
ਲੋਕ ਮੋਰਚਾ ਪੰਜਾਬ ਦੀ ਅਗਵਾਈ ’ਚ ਬਣੀ ਪੰਜਾਬ ਪੱਧਰੀ ‘ਇਨਕਲਾਬੀ ਬਦਲ ਉਸਾਰੋ ਮੁਹਿੰਮ’ ਤਹਿਤ ਦੇਸ਼ ਭਗਤ ਯਾਦਗਾਰ ਹਾਲ ਵਿੱਚ ਅਹਿਮ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਸਮਾਗਮ ’ਚ ਸੱਦਾ ਦਿੱਤਾ ਗਿਆ ਕਿ ਚੋਣਾਂ ਦੇ ਮਘੇ ਅਖਾੜੇ ਵਿੱਚੋਂ ਭਲੇ ਜਾਂ ਮੁਕਤੀ ਦੀ ਝਾਕ ਰੱਖਣ ਦੀ ਬਜਾਏ ਲੋਕਾਂ ਨੂੰ ਆਪਣੀ ਜਥੇਬੰਦਕ ਤਾਕਤ ਉਸਾਰਨ ਅਤੇ ਲੋਕ ਸੰਘਰਸ਼ਾਂ ਉਪਰ ਟੇਕ ਰੱਖਣ ਦੀ ਲੋੜ ਹੈ।
‘ਇਨਕਲਾਬੀ ਬਦਲ ਉਸਾਰੋ ਮੁਹਿੰਮ ਕਮੇਟੀ’ ਦੇ ਸੂਬਾਈ ਆਗੂ ਅਮੋਲਕ ਸਿੰਘ ਨੇ ਕਿਹਾ ਕਿ ਚੋਣ ਅਖਾੜੇ ’ਚ ਉਤਰੀਆਂ ਪਾਰਟੀਆਂ ਦਾ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਨਿੱਤ ਦੇ ਅਤੇ ਬੁਨਿਆਦੀ ਮੁੱਦਿਆਂ ਨਾਲ ਦੂਰ-ਦੂਰ ਤੱਕ ਵਾਸਤਾ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ, ਰਾਜਨੀਤਕ, ਸਮਾਜਿਕ ਪ੍ਰਣਾਲੀ ਨੂੰ ਮੂਲੋਂ ਬਦਲਣ ਲਈ ਗ਼ਦਰੀ ਬਾਬਿਆਂ, ਭਗਤ-ਸਰਾਭਿਆਂ ਦੇ ਦਰਸਾਏ ਇਨਕਲਾਬੀ ਰਾਹ ਦਾ ਪਰਚਮ ਬੁਲੰਦ ਕਰਨ ਦੀ ਲੋੜ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਸੰਬੋਧਨ ਕਰਦਿਆਂ ਠੋਸ ਤੱਥਾਂ ਸਹਿਤ ਦੱਸਿਆ ਕਿ ਸਾਡੇ ਸਮਿਆਂ ਦੀ ਅਸਲ ਲੋੜ ਜ਼ਮੀਨ ਦੀ ਮੁੜ ਵੰਡ ਕਰਨਾ, ਬੇਜ਼ਮੀਨਿਆਂ ਨੂੰ ਜ਼ਮੀਨ ਦੇਣਾ, ਬਹੁਕੌਮੀ ਕੰਪਨੀਆਂ ਅਤੇ ਮੁਲਕ ਦੇ ਉੱਚ ਘਰਾਣਿਆਂ ਦੀ ਪੂੰਜੀ ਜ਼ਬਤ ਕਰਨਾ ਹੈ। ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਚੋਣਾਂ ਮੌਕੇ ‘ਕੱਲੇ-ਕੱਲੇ ਮਾਰ ਨਾ ਖਾਓ, ਕੱਠੇ ਹੋ ਕੇ ਅੱਗੇ ਆਓ’ ਦਾ ਨਾਅਰਾ ਘਰ-ਘਰ ਲਿਜਾਣ ਦੀ ਲੋੜ ਹੈ। ਵਿਚਾਰ-ਚਰਚਾ ’ਚ ਕਾਂਤੀ ਮੋਹਨ, ਸੁਖਦੇਵ ਫਗਵਾੜਾ, ਜਸਵਿੰਦਰ ਫਗਵਾੜਾ, ਤਲਵਿੰਦਰ ਸਿੰਘ ਨੰਗਲ ਖਿਲਾੜੀਆਂ, ਸੁਰਿੰਦਰ ਕੁਮਾਰੀ ਕੋਛੜ, ਹਰਭਜਨ ਸਿੰਘ ਨੇ ਵੀ ਵਿਚਾਰ ਰੱਖੇ।