ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 28 ਮਈ
ਪੰਜਾਬ ਵਿੱਚ ਪਹਿਲੀ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਖ਼ਤਮ ਹੋਣ ਵਿੱਚ ਦੋ ਦਿਨ ਦਾ ਸਮਾਂ ਰਹਿ ਗਿਆ ਹੈ। ਹਰ ਪਾਰਟੀ ਅਤੇ ਉਮੀਦਵਾਰ ਵੱਲੋਂ ਆਪਣੇ ਪ੍ਰਚਾਰ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਚੋਣ ਪ੍ਰਚਾਰ ਵਿੱਚੋਂ ਰਵਾਇਤੀ ਢੰਗ ਲਗਪਗ ਗਾਇਬ ਹੋ ਗਏ ਹਨ। ਪ੍ਰਚਾਰ ਲਈ ਇੰਟਰਨੈੱਟ ਰਾਹੀਂ ਨਵੀਂ ਤਕਨਾਲੋਜੀ ਨੂੰ ਹਰ ਪਾਰਟੀ ਤੇ ਉਮੀਦਵਾਰ ਵੱਲੋਂ ਬਹੁਤ ਜ਼ੋਰ ਸ਼ੋਰ ਨਾਲ ਵਰਤਿਆ ਜਾ ਰਿਹਾ ਹੈ।
ਹੁਣ ਘਰਾਂ ’ਤੇ ਰਾਜਸੀ ਪਾਰਟੀ ਦੇ ਨਿਸ਼ਾਨ ਵਾਲੀਆਂ ਲਾਈਆਂ ਜਾਂਦੀਆਂ ਝੰਡੀਆਂ ਨਾਮਾਤਰ ਹੀ ਨਜ਼ਰ ਆ ਰਹੀਆਂ ਹਨ। ਇਸੇ ਤਰ੍ਹਾਂ ਕੰਧਾਂ ਉੱਤੇ ਪੇਂਟਰਾਂ ਵੱਲੋਂ ਹੱਥਾਂ ਨਾਲ ਬਣਾਏ ਜਾਂਦੇ ਚੋਣ ਨਿਸ਼ਾਨ, ਜੇਬਾਂ ’ਤੇ ਲਗਾਉਣ ਲਈ ਚੋਣ ਨਿਸ਼ਾਨ ਵਾਲੇ ਬਣਾਏ ਜਾਂਦੇ ਸਟਿੱਕਰ, ਵੱਖ-ਵੱਖ ਤਰ੍ਹਾਂ ਦੇ ਉਮੀਦਵਾਰਾਂ ਦੇ ਨਾਅਰੇ, ਕੰਧਾਂ ’ਤੇ ਵੱਡੀ ਗਿਣਤੀ ਵਿੱਚ ਚਿਪਕਾਏ ਜਾਂਦੇ ਪੋਸਟਰ ਵੀ ਹੁਣ ਦਿਖਾਈ ਨਹੀਂ ਦਿੰਦੇ। ਤਾਜ਼ਾ ਚੋਣਾਂ ਵਿੱਚ ਵੱਟਸਐਪ, ਇੰਸਟਾਗ੍ਰਾਮ, ਫੇਸਬੁੱਕ ਦੀ ਸਭ ਤੋਂ ਵੱਧ ਵਰਤੋਂ ਹੋ ਰਹੀ ਹੈ। ਹਰ ਉਮੀਦਵਾਰ ਦੇ ਨਾਲ ਸੋਸ਼ਲ ਮੀਡੀਆ ਟੀਮ ਕੰਮ ਕਰ ਰਹੀ ਹੈ, ਜਿਹੜੀ ਉਮੀਦਵਾਰ ਦਾ ਹਰ ਭਾਸ਼ਣ ਤੇ ਹੋਰ ਕਾਰਗੁਜ਼ਾਰੀ ਨਾਲ ਦੀ ਨਾਲ ਫੇਸਬੁੱਕ ਜਾਂ ਯੂਟਿਊਬ ’ਤੇ ਲਾਈਵ ਕਰ ਰਹੀ ਹੈ। ਆਡੀਓ ਬ੍ਰਿਜ ਦੀ ਵੀ ਪੂਰੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਇੱਕੋ ਸਮੇਂ ਹਜ਼ਾਰਾਂ ਵਿਅਕਤੀਆਂ ਨਾਲ ਸਿੱਧੀ ਗੱਲਬਾਤ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਇਸੇ ਢੰਗ ਦੀ ਵਰਤੋਂ ਕਰਕੇ ਅੱਠ ਹਜ਼ਾਰ ਭਾਜਪਾ ਕਾਰਕੁਨਾਂ ਨਾਲ ਇੱਕੋ ਸਮੇਂ ਗੱਲਬਾਤ ਕੀਤੀ। ਹੁਣ ਇੰਟਰਨੈੱਟ ਰਾਹੀਂ ਹੀ ਪੋਸਟਰ ਬਣਾਏ ਜਾ ਰਹੇ ਹਨ। ਇਸੇ ਤਰ੍ਹਾਂ ਉਮੀਦਵਾਰਾਂ ਸਬੰਧੀ ਵੀਡੀਓ ਕਲਿੱਪਾਂ ਤੇ ਰੀਲਾਂ ਆਦਿ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਚੋਣ ਪ੍ਰਚਾਰ ਦਾ ਜੇ ਕੋਈ ਰਵਾਇਤੀ ਢੰਗ ਹਾਲੇ ਤੱਕ ਵੀ ਆਪਣੀ ਹੋਂਦ ਬਹਾਲ ਰੱਖੀ ਖੜ੍ਹਾ ਹੈ ਤਾਂ ਉਹ ਹੈ ਉਮੀਦਵਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਹਮਾਇਤੀਆਂ ਵੱਲੋਂ ਵੋਟਰਾਂ ਨਾਲ ਸਿੱਧਾ ਸੰਪਰਕ ਕਾਇਮ ਕਰਕੇ ਆਪਣੀ ਗੱਲ ਕਹਿਣ ਲਈ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ।
ਵੱਟਸਐਪ ਗਰੁੱਪਾਂ ਦੀ ਭਰਮਾਰ
ਹਰ ਉਮੀਦਵਾਰ ਵੱਲੋਂ ਆਪੋ ਆਪਣੇ ਸਮਰਥਕਾਂ ਲਈ ਕਈ ਵੱਟਸਐਪ ਗਰੁੱਪ ਬਣਾਏ ਹੋਏ ਹਨ। ਇਨ੍ਹਾਂ ਵਿੱਚ ਵਿਧਾਨ ਸਭਾ ਹਲਕੇ ਅਨੁਸਾਰ ਵੋਟਰਾਂ ਦੇ, ਹਲਕਾ ਇੰਚਾਰਜਾਂ ਦੇ ਗਰੁੱਪ ਬਣਾਏ ਹੋਏ ਹਨ। ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਣ ਲਈ, ਮੀਡੀਆ ਨੂੰ ਖ਼ਬਰਾਂ ਭੇਜਣ ਲਈ ਹਰ ਉਮੀਦਵਾਰ ਵੱਲੋਂ ਵੱਟਸਐਪ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ। ਸਮੁੱਚਾ ਚੋਣ ਪ੍ਰਚਾਰ ਵੀ ਇਨ੍ਹਾਂ ਵੱਟਸਐਪ ਗਰੁੱਪਾਂ ਰਾਹੀਂ ਹੋ ਰਿਹਾ ਹੈ।