ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਜੂਨ
ਕੈਨੇਡਾ ਜਾਣ ਦੀ ਲਾਲਸਾ ‘ਚ ਮੁਕਤਸਰ ਦੇ ਛੋਟਾ ਤਲਾਬ ਵਾਸੀ ਰਮਿੰਦਰ ਸਿੰਘ ਨੇ 21 ਲੱਖ 73 ਹਜ਼ਾਰ ਰੁਪਏ ਦੀ ਠੱਗੀ ਖਾਣ ਤੋਂ ਬਾਅਦ ਹੁਣ ਆਪਣੀ ਹੋਣ ਵਾਲੀ ਪਤਨੀ, ਸੱਸ ਤੇ ਦੋ ਸਾਲਿਆਂ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਰਮਿੰਦਰ ਸਿੰਘ ਨੇ ਕੈਨੇਡਾ ਜਾਣ ਲਈ ਸੌਖਾ ਰਾਹ ਫੜਦਿਆਂ ਮੁਕਤਸਰ ਦੀ ਰਣਜੀਤ ਕੌਰ ਆਈਲੈੱਸ ਕਲੀਅਰ ਕੁੜੀ ਅਰਪਨਦੀਪ ਕੌਰ ਵਾਸੀ ਮੱਛੀ ਆਟਾ ਚੌਂਕ ਸਮਾਣਾ ਨਾਲ ਸੌਦਾ ਕੀਤਾ। ਸੌਦੇ ਅਨੁਸਾਰ ਦੋਹਾਂ ਧਿਰਾਂ ਨੇ ਬਕਾਇਦਾ ਸ਼ਰਤਾਂ ਤੈਅ ਕਰਦਿਆਂ ਅਰਪਨਦੀਪ ਕੌਰ ਨੂੰ ਪੜ੍ਹਾਈ ਲਈ ਕੈਨੇਡਾ ਭੇਜਣ, ਫੀਸਾਂ, ਰਹਿਣ ਤੇ ਪੀਆਰ ਤੱਕ ਦਾ ਸਾਰਾ ਖਰਚਾ ਦੇਣ ਦਾ ਜ਼ਿੰਮਾ ਰਮਿੰਦਰ ਸਿੰਘ ਨੇ ਲਿਆ। ਪੀਆਰ ਹਾਸਲ ਕਰਨ ਤੋਂ ਬਾਅਦ ਰਮਿੰਦਰ ਸਿੰਘ ਨੂੰ ਕੈਨੇਡਾ ਲੈ ਕੇ ਜਾਣ ਤੇ ਉਸ ਨਾਲ ਵਿਆਹ ਕਰਾਉਣ ਦੀ ਜ਼ਿੰਮੇਵਾਰੀ ਅਰਪਨਦੀਪ ਕੌਰ ਦੇ ਸਿਰ ਚੁੱਕੀ। 26 ਨਵੰਬਰ 2017 ਨੂੰ ਉਨ੍ਹਾਂ ਦੀ ਸਮਾਣਾ ਵਿੱਚ ਮੰਗਣੀ ਹੋਈ। ਲੜਕੀ ਕੈਨੇਡਾ ਚਲੀ ਗਈ। ਰਮਿੰਦਰ ਸਿੰਘ ਦੇ ਮਾਪਿਆਂ ਨੇ ਉਸ ਦੀ ਪੜ੍ਹਾਈ ‘ਤੇ 8 ਲੱਖ 43 ਹਜ਼ਾਰ ਰੁਪਏ ਖਰਚੇ ਅਤੇ 5 ਲੱਖ 68 ਹਜ਼ਾਰ ਰੁਪਏ ਜੀਆਈਸੀ ਵਾਸਤੇ ਅਦਾ ਕੀਤੇ। ਕੁੱਲ 21 ਲੱਖ 73 ਹਜ਼ਾਰ ਰੁਪਏ ਲੜਕੀ ਉਪਰ ਖਰਚਣ ਦਾ ਦਾਅਵਾ ਕੀਤਾ ਗਿਆ ਹੈ। ਹੁਣ ਲੜਕੀ ਵਾਅਦੇ ਤੋਂ ਮੁੱਕਰ ਗਈ ਅਤੇ ਉਸ ਨੇ ਰਮਿੰਦਰ ਸਿੰਘ ਨਾਲ ਵਿਆਹ ਕਰਾਉਣ ਤੋਂ ਸਾਫ ਨਾਂਹ ਕਰ ਦਿੱਤੀ। ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਰਪਨਦੀਪ ਕੌਰ, ਉਸ ਦੀ ਮਾਤਾ ਰਣਦੀਪ ਕੌਰ ਤੇ ਭਰਾਵਾਂ ਅਰਸ਼ਦੀਪ ਸਿੰਘ ਤੇ ਗੁਰਬਚਨ ਸਿੰਘ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਹੈ।