ਪੱਤਰ ਪ੍ਰੇਰਕ
ਵੈਨਕੂਵਰ, 30 ਮਈ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਦਾ ਕੈਨੇਡਾ ਪੁਲੀਸ ਕੋਲ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਇਸ ਨਾਮ ਵਾਲੇ ਵਿਅਕਤੀ ਬਾਰੇ ਕਿਧਰੇ ਵੀ ਕੋਈ ਜਾਣਕਾਰੀ ਜਾਂ ਹਵਾਲਾ ਨਹੀਂ ਮਿਲਦਾ। ਅੱਜ ਇਸ ਨਾਮ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿਚਲੇ ਜਾਣਕਾਰਾਂ ਤੇ ਹੋਰ ਸੂਤਰਾਂ ਕੋਲੋਂ ਉਸ ਬਾਰੇ ਕੁੱਝ ਪਤਾ ਨਹੀਂ ਲੱਗਾ। ਕੈਨੇਡੀਅਨ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਰਾੜ ਗੋਤ ਵਾਲੇ ਚਾਰ ਕੁ ਦਰਜਨ ਨਾਂ ਪੁਲੀਸ ਰਿਕਾਰਡ ਵਿੱਚ ਹਨ ਪਰ ਇਨ੍ਹਾਂ ’ਚੋਂ ਕਿਸੇ ਦਾ ਨਾਮ ਗੋਲਡੀ ਨਹੀਂ ਹੈ। ਉਸ ਦਾ ਅਸਲ ਨਾਮ ਕੁੱਝ ਹੋਰ ਹੋ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਜੇ ਉਸ ਦੀ ਜਨਮ ਮਿਤੀ ਜਾਂ ਕੋਈ ਸਰੀਰਕ ਨਿਸ਼ਾਨੀ ਮਿਲੇ ਤਾਂ ਕੁਝ ਪਤਾ ਲੱਗ ਸਕਦਾ ਹੈ, ਪਰ ਉਹ ਵੀ ਤਾਂ ਜੇ ਉਹ ਕੈਨੇਡਾ ਵਿੱਚ ਕਿਸੇ ਅਪਰਾਧਕ ਗਤੀਵਿਧੀ ਵਿਚ ਸ਼ਾਮਲ ਰਿਹਾ ਹੋਵੇ।