ਜਗਮੋਹਨ ਸਿੰਘ
ਘਨੌਲੀ, 19 ਅਪਰੈਲ
ਅੱਜ ਇੱਥੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨਡੀਆਰਐੱਫ) ਦੀ 13 ਮੈਂਬਰੀ ਟੀਮ ਬੀਤੇ ਦਿਨ ਕਾਰ ਹਾਦਸੇ ਦੌਰਾਨ ਭਾਖੜਾ ਨਹਿਰ ਵਿੱਚ ਰੁੜ੍ਹੀਆਂ ਰਾਜਸਥਾਨ ਦੀਆਂ ਦੋ ਬੱਚੀਆਂ ਦੀ ਭਾਲ ਕਰਨ ਲਈ ਪੁੱਜੀ। ਥਾਣਾ ਸਦਰ ਰੂਪਨਗਰ ਦੇ ਤਫਤੀਸ਼ੀ ਅਫ਼ਸਰ ਹੌਲਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਅੰਕਿਤ ਯਾਦਵ ਦੀ ਅਗਵਾਈ ਹੇਠ ਸੱਤ ਐੱਨਡੀਆਰਐੱਫ ਬਟਾਲੀਅਨ ਬਠਿੰਡਾ ਦੀ 13 ਮੈਂਬਰੀ ਟੀਮ ਨੇ ਪਿੰਡ ਅਹਿਮਦਪੁਰ ਵਿੱਚ ਸਥਿਤ ਭਾਖੜਾ ਨਹਿਰ ਦੇ ਪੁਲ ਤੋਂ ਲੈ ਕੇ ਗਰੇਵਾਲ ਝਾਲ ਤੱਕ ਭਾਖੜਾ ਨਹਿਰ ਵਿੱਚ ਰੁੜੀਆਂ ਬੱਚੀਆਂ ਰਾਗਿਨੀ (3) ਅਤੇ ਰਾਜਸ੍ਰੀ (3) ਦੀ ਭਾਲ ਕੀਤੀ ਪਰ ਕੋਈ ਸਫ਼ਲਤਾ ਨਹੀਂ ਮਿਲ ਸਕੀ।
ਦੱਸਣਯੋਗ ਹੈ ਕਿ ਬੀਤੇ ਦਿਨ ਪ੍ਰਾਈਵੇਟ ਬੱਸ ਦੀ ਟੱਕਰ ਦੌਰਾਨ ਇੱਕ ਕਰੇਟਾ ਕਾਰ ਪਿੰਡ ਅਹਿਮਦਪੁਰ ਨੇੜੇ ਭਾਖੜਾ ਨਹਿਰ ਵਿੱਚ ਡਿੱਗ ਗਈ ਸੀ, ਜਿਸ ਉਪਰੰਤ ਡੀਐੱਸਪੀ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕਢਵਾਇਆ ਸੀ।
ਉੱਧਰ ਪੁਲੀਸ ਨੇ ਰੂਪਨਗਰ ਜ਼ਿਲ੍ਹੇ ਪਿੰਡ ਬੜਾ ਪਿੰਡ ਦੇ ਇੱਕ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਪ੍ਰਾਈਵੇਟ ਬੱਸ ਦੇ ਚਾਲਕ ਖ਼ਿਲਾਫ਼ ਅਣਗਹਿਲੀ ਵਰਤਣ ਦੇ ਦੋਸ਼ ਅਧੀਨ ਕੇਸ ਦਰਜ ਕਰ ਕੇ ਫਰਾਰ ਹੋਏ ਬੱਸ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।