ਗਗਨਦੀਪ ਅਰੋੜਾ
ਲੁਧਿਆਣਾ, 5 ਮਾਰਚ
ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ ਪਰ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਉਮੀਦਵਾਰਾਂ ਨੇ ਜਿੱਤ ਯਕੀਨੀ ਬਣਾਉਣ ਲਈ ਆਪੋ-ਆਪਣੇ ਧਾਰਮਿਕ ਸਥਾਨਾਂ ਦੇ ਦਰ ਮੱਲ੍ਹਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਜਿੱਤ ਅਤੇ ਕਾਂਗਰਸ ਸਰਕਾਰ ਪੰਜਾਬ ’ਚ ਦੁਬਾਰਾ ਬਣਾਉਣ ਲਈ ਗੁਹਾਟੀ ਸਥਿਤ ਮਾਂ ਕਾਮਖਿਆ ਦੇਵੀ ਦੇ ਮੰਦਰ ਪੁੱਜੇ ਹਨ, ਜਦੋਂ ਕਿ ਲੁਧਿਆਣਾ ਦੇ ਹਲਕਾ ਪੂਰਬੀ ਤੋਂ ਵਿਧਾਇਕ ਸੰਜੇ ਤਲਵਾੜ ਮਾਂ ਵੈਸ਼ਨੋ ਦੇਵੀ ਤੇ ਹਿਮਾਚਲ ਪ੍ਰਦੇਸ਼ ਸਥਿਤ ਮਾਂ ਚਿੰਤਪੁਰਨੀ ਦਰਬਾਰ ਪੁੱਜੇ ਹਨ। ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਵੀ ਆਪਣੇ ਸਾਥੀਆਂ ਨਾਲ ਰਾਜਸਥਾਨ ਸਥਿਤ ਬਾਲਾ ਜੀ ਮੰਦਿਰ ਪੁੱਜੇ ਹਨ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣੇ ਸਨ ਤਾਂ ਉਸ ਤੋਂ ਅਗਲੇ ਦਿਨ ਹੀ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਲਈ ਪੁੱਜੇ ਸਨ। ਚੋਣਾਂ ਦੌਰਾਨ ਜਦੋਂ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ, ਉਦੋਂ ਵੀ ਉਹ ਮਾਂ ਬਗਲਾਮੁਖੀ ਧਾਮ ਪੁੱਜੇ ਸਨ। ਵਿਧਾਇਕ ਸੰਜੈ ਤਲਵਾੜ ਵੀ ਸਮੇਂ-ਸਮੇਂ ’ਤੇ ਚਿੰਤਾਪੁਰਨੀ ਮਾਂ ਦੇ ਦਰਬਾਰ ਜਾਂਦੇ ਰਹਿੰਦੇ ਹਨ। ਹੁਣ ਚੋਣਾਂ ਦੇ ਨਤੀਜਿਆਂ ਦਾ ਵੇਲਾ ਨੇੜੇ ਆ ਗਿਆ ਹੈ ਤਾਂ ਉਮੀਦਵਾਰ ਫਿਰ ਧਾਰਮਿਕ ਸਥਾਨਾਂ ’ਤੇ ਪੁੱਜਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ਦੇ ਹਲਕਾ ਦੱਖਣੀ ਤੋਂ ਕਾਂਗਰਸੀ ਉਮੀਦਵਾਰ ਈਸ਼ਵਰਜੋਤ ਸਿੰਘ ਚੀਮਾ ਵੀ ਮਾਂ ਬਗਲਾਮੁਖੀ ਧਾਮ ’ਤੇ ਨਤਮਸਤਕ ਹੋਣ ਪੁੱਜੇ ਹਨ, ਜਦੋਂਕਿ ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਨਾਲ ਹੀ ਬਾਲਾ ਜੀ ਮੰਦਿਰ ’ਚ ਨਤਮਸਤਕ ਹੋਣ ਪੁੱਜੇ ਹਨ।