ਸੁਰਜੀਤ ਮਜਾਰੀ
ਬੰਗਾ, 30 ਜਨਵਰੀ
ਹਲਕੇ ਦੇ ਉਮੀਦਵਾਰਾਂ ਵੱਲੋਂ ਇਸ ਵਾਰ ਆਪੋ-ਆਪਣੇ ਜੱਦੀ ਪਿੰਡਾਂ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕਈ ਉਮੀਦਵਾਰ ਤਾਂ ਆਪਣੇ ਜੱਦੀ ਪਿੰਡ ਛੱਡ ਕੇ ਸ਼ਹਿਰ ਆ ਗਏ ਸਨ, ਪਰ ਹੁਣ ਚੋਣਾਂ ’ਚ ਉਨ੍ਹਾਂ ਨੂੰ ਵੀ ਆਪਣੇ ਜੱਦੀ ਪਿੰਡਾਂ ਦੀ ਯਾਦ ਆ ਗਈ ਹੈ। ਆਪਣੇ ਜੱਦੀ ਇਲਾਕਿਆਂ ’ਚ ਹਮਾਇਤ ਹਾਸਲ ਕਰਨ ਲਈ ਉਮੀਦਵਾਰਾਂ ਵੱਲੋਂ ਕਈ ਹੀਲੇ-ਵਸੀਲੇ ਕੀਤੇ ਜਾ ਰਹੇ ਹਨ। ਕੁਝ ਉਮੀਦਵਾਰਾਂ ਵੱਲੋਂ ਆਪਣੇੇ ਨਾਵਾਂ ਨਾਲ ਆਪਣੇ ਜੱਦੀ ਪਿੰਡਾਂ ਦੇ ਨਾਂ ਵੀ ਜੋੜੇ ਗਏ ਹਨ। ਉਦਾਹਰਨ ਵਜੋਂ ਤਰਲੋਚਨ ਸਿੰਘ ਸੂੰਢ, ਮੋਹਣ ਲਾਲ ਬਹਿਰਾਮ, ਕੁਲਜੀਤ ਸਿੰਘ ਸਰਹਾਲ, ਰਾਜ ਕੁਮਾਰ ਮਾਹਿਲ ਆਦਿ।ਕਾਂਗਰਸ ਉਮੀਦਵਾਰ ਚੌਧਰੀ ਤਰਲੋਚਨ ਸਿੰਘ ਸੂੰਢ ਦੇ ਪੰਜਵੀਂ ਵਾਰ ਚੋਣ ਮੈਦਾਨ ’ਚ ਉਤਰਨ ਦਾ ਉਨ੍ਹਾਂ ਦੇ ਜੱਦੀ ਪਿੰਡ ਸੂੰਢ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਭਾਜਪਾ ਦੇ ਉਮੀਦਵਾਰ ਚੌਧਰੀ ਮੋਹਨ ਲਾਲ ਬਹਿਰਾਮ ਦੇ ਜੱਦੀ ਪਿੰਡ ਬਹਿਰਾਮ ਦੇ ਨੌਜਵਾਨ ਵੀ ਵੱਡੀ ਗਿਣਤੀ ’ਚ ਕਾਫ਼ਲੇ ਬਣਾ ਕੇ ਉਨ੍ਹਾਂ ਦੇ ਹੱਕ ’ਚ ਪ੍ਰਚਾਰ ਕਰ ਰਹੇ ਹਨ। ‘ਆਪ’ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਹੈ। ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਾਜ ਕੁਮਾਰ ਮਾਹਿਲ ਨੇ ਆਪਣੇ ਜੱਦੀ ਪਿੰਡ ਮਾਹਿਲ ਖੁਰਦ ਵਾਸੀਆਂ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਇੱਥੋਂ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਆਪਣੇ ਜੱਦੀ ਪਿੰਡ ਗੁਣਾਚੌਰ ਤੋਂ ਪ੍ਰਚਾਰ ਸ਼ੁਰੂ ਕੀਤਾ ਹੈ।