ਸਰਬਜੀਤ ਸਿੰਘ ਭੰਗੂ
ਸ਼ੰਭੂ ਬਾਰਡਰ (ਪਟਿਆਲਾ), 1 ਨਵੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠਾਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਸ਼ੰਭੂ ਬਾਰਡਰ ’ਤੇ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੇ ਅੱਜ ਦੇਰ ਸ਼ਾਮ ਮੋਮਬੱਤੀ ਮਾਰਚ ਕਰ ਕੇ ਨਵੰਬਰ 1984 ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ੰਭੂ ’ਚ ਜਾਰੀ ਕਿਸਾਨ ਮੋਰਚੇ ਦੀ ਮੁੱਖ ਸਟੇਜ ਤੋਂ ਸ਼ੁਰੂ ਹੋਇਆ ਇਹ ਮਾਰਚ ਦੋਵਾਂ ਸੂਬਿਆਂ ਦੀ ਹੱਦ ’ਤੇ ਹਰਿਆਣਾ ਸਰਕਾਰ ਵੱਲੋਂ ਲਾਏ ਗਏ ਬੈਰੀਕੇਡਜ਼ ’ਤੇ ਜਾ ਕੇ ਸਮਾਪਤ ਹੋਇਆ। ਇਸ ਦੌਰਾਨ ਦਿੱਲੀ ਦੰਗਿਆਂ ਵਿੱਚ ਜਾਨਾਂ ਗੁਆਉਣ ਵਾਲੇ ਸਮੂਹ ਸਿੱਖਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਮੰਨਵਾਉਣ ਲਈ ਜਦੋਂ ਕਿਸਾਨ ਦਿੱਲੀ ਵੱਲ ਜਾ ਰਹੇ ਸਨ, ਤਾਂ ਹਰਿਆਣਾ ਸਰਕਾਰ/ਪੁਲੀਸ ਵੱਲੋਂ ਸ਼ੰਭੂ ’ਚ ਘੱਗਰ ਦੇ ਪੁਲ਼ ’ਤੇ ਵੱਡੇ ਵੱਡੇ ਬੈਰੀਕੇਡ ਲਾ ਦਿੱਤੇ ਗਏ ਸਨ, ਜੋ ਹੁਣ ਵੀ ਮੌਜੂਦ ਹਨ।
ਇਸ ਕਰਕੇ ਕਿਸਾਨ ਉਦੋਂ ਤੋਂ ਹੀ ਇੱਥੇ ਹੀ ਪੱਕਾ ਮੋਰਚਾ ਲਾ ਕੇ ਬੈਠੇ ਹਨ ਜਿਨ੍ਹਾਂ ਨੇ ਅੱਜ/ਪਹਿਲੀ ਨਵੰਬਰ ਨੂੰ ਦੇਰ ਸ਼ਾਮ ਸੋਗਮਈ ਮਾਹੌਲ ’ਚ ਸ਼ੰਭੂ ਬਾਰਡਰ ’ਤੇ ਇਹ ਮੋਮਬੱਤੀ ਮਾਰਚ ਕੀਤਾ। ਇਸ ਮੌਕੇ ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾਈ ਪ੍ਰਧਾਨ ਸੁਰਜੀਤ ਸਿੰਘ ਫੂਲ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ 4. ਦਿਲਬਾਗ ਸਿੰਘ ਗਿੱਲ, ਬੀਕੇਯੂ ਬਹਿਰਾਮਕੇ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਬੀਕੇਯੂ ਬਹਿਰਾਮਕੇ ਦੇ ਯੂਥ ਵਿੰਗ ਦੇ ਪ੍ਰਧਾਨ ਹਰਪ੍ਰੀਤ ਸਿੰਘ, ਕਿਸਾਨ ਯੂਨੀਅਨ ਭਟੇੜੀ ਦੇ ਪ੍ਰਧਾਨ ਜੰਗ ਸਿੰਘ ਭਟੇੜੀ ਸੂਬਾ ਪ੍ਰਧਾਨ ਬੀਕੇਯੂ ਭਟੇੜੀ ਅਤੇ ਮੇਹਰੂਨਿਸਾ ਦਿੱਲੀ ਆਦਿ ਆਗੂ ਮੌਜੂਦ ਸਨ।